- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਨਿਆਂ ਕ੍ਰਿਸ਼ਨਾਂ ਦੇਵੀ ਜੀ ਦੀ 26ਵੀਂ ਬਰਸੀ ਅਤੇ ਮੰਦਰ ਦੇ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਇੱਥੋਂ ਨਜ਼ਦੀਕੀ ਪਿੰਡ ਮੱਲ੍ਹਾ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਜੈ ਜਵਾਲਾ ਕੰਨਿਆਂ ਮੰਦਰ ਮੱਲ੍ਹਾ ਵਿੱਚ ਪੂਜਨੀਕ ਕੰਨਿਆਂ ਕ੍ਰਿਸ਼ਨਾਂ ਦੇਵੀ ਜੀ ਦੀ 26ਵੀਂ ਬਰਸੀ ਅਤੇ ਮੰਦਰ ਦੇ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ। ਇਸ ਪਵਿੱਤਰ ਅਵਸਰ ’ਤੇ ਮਾਤਾ ਜਵਾਲਾ ਜੀ ਤੋਂ ਅਖੰਡ ਪਵਿੱਤਰ ਜੋਤ ਲਿਆਉਣ ਲਈ ਭਗਤਜਨਾਂ ਦਾ ਇੱਕ ਜਥਾ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਸਰਪ੍ਰਸਤ ਅਤੇ ਪ੍ਰਸਿੱਧ ਕਥਾਵਾਚਕ ਪੰਡਿਤ ਮਨੋਹਰ ਲਾਲ ਸ਼ਾਸਤਰੀ ਨੇ ਦੱਸਿਆ ਕਿ ਸ੍ਰੀ ਜੈ ਜਵਾਲਾ ਕੰਨਿਆਂ ਮੰਦਰ ਮੱਲ੍ਹਾ ਦੀ ਸਥਾਪਨਾ ਪੂਜਨੀਕ ਕੰਨਿਆਂ ਕ੍ਰਿਸ਼ਨਾਂ ਦੇਵੀ ਜੀ ਵੱਲੋਂ ਸੰਨ 1976 ਵਿੱਚ ਕੀਤੀ ਗਈ ਸੀ। ਉਨ੍ਹਾਂ ਆਪਣਾ ਸਾਰਾ ਜੀਵਨ ਪ੍ਰਭੂ ਭਗਤੀ, ਮਨੁੱਖਤਾ ਦੀ ਸੇਵਾ ਅਤੇ ਸਰਬੱਤ ਦੇ ਭਲੇ ਲਈ ਸਮਰਪਿਤ ਕੀਤਾ। ਉਹ ਹਮੇਸ਼ਾ ਲੋਕਾਂ ਨੂੰ ਆਪਸੀ ਪਿਆਰ, ਭਾਈਚਾਰੇ, ਏਕਤਾ ਅਤੇ ਆਧਿਆਤਮਿਕ ਜੀਵਨ ਦਾ ਸੰਦੇਸ਼ ਦਿੰਦੇ ਰਹੇ ਅਤੇ ਦੁਖੀ ਤੇ ਲੋੜਵੰਦ ਲੋਕਾਂ ਦੇ ਸਹਾਇਕ ਬਣੇ ਰਹੇ। ਉਨ੍ਹਾਂ ਦੱਸਿਆ ਕਿ ਪੂਜਨੀਕ ਕੰਨਿਆਂ ਕ੍ਰਿਸ਼ਨਾਂ ਦੇਵੀ ਜੀ ਜੇਠ ਮਹੀਨੇ ਦੀ ਅਸ਼ਟਮੀ ਸੰਨ 2000 ਵਿੱਚ ਮਾਤਾ ਜਵਾਲਾ ਜੀ ਦਾ ਗੁਣਗਾਨ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਵਿਸ਼ਾਲ ਧਾਰਮਿਕ ਸਮਾਗਮ ਅਤੇ ਭੰਡਾਰਾ ਕਰਵਾਇਆ ਜਾਂਦਾ ਹੈ, ਜਿਸ ਵਿੱਚ ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਪੰਡਿਤ ਮਨੋਹਰ ਲਾਲ ਸ਼ਾਸਤਰੀ ਨੇ ਦੱਸਿਆ ਕਿ 12 ਜੂਨ ਨੂੰ ਮਾਤਾ ਜਵਾਲਾ ਜੀ ਤੋਂ ਪਵਿੱਤਰ ਜੋਤ ਲਿਆਉਣ ਲਈ ਭਗਤਜਨ ਰਵਾਨਾ ਹੋਏ ਹਨ, ਜੋ 14 ਜੂਨ ਨੂੰ ਪਵਿੱਤਰ ਜੋਤ ਲੈ ਕੇ ਮੰਦਰ ਪਹੁੰਚਣਗੇ। ਇਸ ਤੋਂ ਬਾਅਦ 15 ਜੂਨ ਤੋਂ 51 ਸ੍ਰੀ ਦੁਰਗਾ ਸਪਤਸ਼ਤੀ ਪਾਠਾਂ ਦਾ ਸ਼ੁਭ ਆਰੰਭ ਕੀਤਾ ਜਾਵੇਗਾ, ਜੋ ਲਗਾਤਾਰ ਚੱਲਣਗੇ। ਉਨ੍ਹਾਂ ਦੱਸਿਆ ਕਿ ਮੰਦਰ ਦੇ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ 19 ਜੂਨ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸ਼ੋਭਾ ਯਾਤਰਾ ਵਿੱਚ 51 ਬੀਬੀਆਂ ਵੱਲੋਂ ਸਿਰਾਂ ’ਤੇ ਕਲਸ਼ ਸਜਾ ਕੇ ਸ਼ਮੂਲੀਅਤ ਕੀਤੀ ਜਾਵੇਗੀ, ਜਦਕਿ 51 ਧਾਰਮਿਕ ਝੰਡੇ ਵੀ ਸ਼ਰਧਾਲੂਆਂ ਵੱਲੋਂ ਲਿਜਾਏ ਜਾਣਗੇ, ਜੋ ਯਾਤਰਾ ਦਾ ਵਿਸ਼ੇਸ਼ ਆਕਰਸ਼ਣ ਹੋਣਗੇ। ਸ਼ੋਭਾ ਯਾਤਰਾ ਦੌਰਾਨ ਧਾਰਮਿਕ ਝਾਕੀਆਂ, ਭਜਨ-ਕੀਰਤਨ ਅਤੇ ਜੈਕਾਰਿਆਂ ਨਾਲ ਸਾਰਾ ਇਲਾਕਾ ਭਗਤੀ ਰੰਗ ਵਿੱਚ ਰੰਗਿਆ ਨਜ਼ਰ ਆਵੇਗਾ। ਉਨ੍ਹਾਂ ਅੱਗੇ ਦੱਸਿਆ ਕਿ 22 ਜੂਨ ਨੂੰ ਹਵਨ-ਯੱਗ ਉਪਰੰਤ ਸ੍ਰੀ ਦੁਰਗਾ ਸਪਤਸ਼ਤੀ ਪਾਠਾਂ ਦੀ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਬਜ਼ੁਰਗਾਂ ਵੱਲੋਂ ਧਾਰਮਿਕ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦਿੰਦਿਆਂ 51 ਬਜ਼ੁਰਗ ਪੁਰਸ਼ਾਂ ਅਤੇ 51 ਬਜ਼ੁਰਗ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਸਮਾਗਮਾਂ ਦੀ ਲੜੀ ਵਿੱਚ 22 ਜੂਨ ਦੀ ਰਾਤ ਨੂੰ ਮਾਤਾ ਰਾਣੀ ਦਾ ਵਿਸ਼ਾਲ ਜਾਗਰਣ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਪ੍ਰਸਿੱਧ ਭਜਨ ਗਾਇਕ ਮਾਤਾ ਦਾ ਗੁਣਗਾਨ ਕਰਨਗੇ। ਇਸ ਦੌਰਾਨ 51 ਆਰਤੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੀਆਂ। ਸਮੂਹ ਸਮਾਗਮਾਂ ਦੌਰਾਨ ਸ਼ਰਧਾਲੂਆਂ ਲਈ ਦਿਨ-ਰਾਤ ਅਤੁੱਟ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਕਾਕਾ, ਪਵਨ ਕੁਮਾਰ ਜਿੰਦਲ ਜੈਤੋ, ਖੁਸ਼ਦੀਪ ਮਿੱਤਲ, ਓਮੇਸ਼ ਸ਼ਰਮਾ, ਜੀਵਨ ਮਿੱਤਲ, ਸੁਰਿੰਦਰ ਕੁਮਾਰ ਗੋਇਲ ਟੀਟੂ, ਹੀਰਾ ਲਾਲ ਸਿੰਗਲਾ, ਜਸਪਾਲ ਸਿੰਗਲਾ, ਜਤਿੰਦਰ ਕੁਮਾਰ ਮਿੱਤਲ, ਵੀਰਪਾਲ ਸਿੰਗਲਾ, ਲੱਖਾ ਸ਼ਰਮਾ, ਪਵਨ ਗਰਗ, ਮਦਨ ਲਾਲ ਗਰਗ, ਬਲਵੀਰ ਸਿੰਘ, ਰਵਿੰਦਰ ਕੁਮਾਰ ਕਾਜੂ, ਰਜਿੰਦਰ ਕੁਮਾਰ ਵਕੀਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਅੰਤ ਵਿੱਚ ਸ੍ਰੀ ਜੈ ਜਵਾਲਾ ਕੰਨਿਆਂ ਮੰਦਰ ਕਮੇਟੀ ਮੱਲ੍ਹਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਮਾਤਾ ਰਾਣੀ ਦੇ ਦਰਸ਼ਨ ਕਰਨ, ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਅਤੇ ਆਸ਼ੀਰਵਾਦ ਪ੍ਰਾਪਤ ਕਰਨ।