- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ ਕੋਟਕਪੂਰਾ ਨੇੜੇ ਕੈਂਟਰ ਨਾਲ ਟਰੱਕ ਦੀ ਭਿਆਨਕ ਟੱਕਰ, ਦੋਵੇਂ ਡਰਾਈਵਰ ਗੰਭੀਰ ਜ਼ਖ਼ਮੀ।

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਕੋਟਕਪੂਰਾ ਨੇੜੇ ਇੱਕ ਕੈਂਟਰ ਅਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਦੋਵੇਂ ਵਾਹਨਾਂ ਦੇ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਸ਼ੂਆਂ ਦੀ ਖੁਰਾਕ (ਚਾਰਾ) ਨਾਲ ਲੱਦਿਆ ਇੱਕ ਕੈਂਟਰ ਬਠਿੰਡਾ ਵੱਲੋਂ ਆ ਰਿਹਾ ਸੀ। ਕੋਟਕਪੂਰਾ ਨੇੜੇ ਨੈਸ਼ਨਲ ਹਾਈਵੇ ’ਤੇ ਕੈਂਟਰ ਵਿੱਚ ਅਚਾਨਕ ਤਕਨੀਕੀ ਖਰਾਬੀ ਆਉਣ ਕਾਰਨ ਚਾਲਕ ਨੇ ਵਾਹਨ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ। ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਖੜ੍ਹੇ ਕੈਂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕੈਂਟਰ ਚਾਲਕ ਜਸਵੀਰ ਸਿੰਘ ਵਾਸੀ ਮੋੜ ਮੰਡੀ ਅਤੇ ਟਰੱਕ ਚਾਲਕ ਪ੍ਰਵੀਨ ਕੁਮਾਰ ਵਾਸੀ ਜੰਮੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਦੀ ਟੀਮ ਦੇ ਏਐਸਆਈ ਸੰਤੋਖ ਸਿੰਘ ਅਤੇ ਹੌਲਦਾਰ ਮਨਵੀਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਮੁਲਾਜ਼ਮਾਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਦੋਵੇਂ ਚਾਲਕਾਂ ਨੂੰ ਹਾਦਸਾਗ੍ਰਸਤ ਵਾਹਨਾਂ ਵਿੱਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਪਹੁੰਚਾਇਆ ਗਿਆ, ਜਿੱਥੇ ਦੋਵੇਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸੰਤੋਖ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਟਰੱਕ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਕੋਟਕਪੂਰਾ ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਅਤੇ ਜਾਂਚ ਅਮਲ ਵਿੱਚ ਲਿਆਂਦੀ ਜਾ ਰਹੀ ਹੈ।