- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ ’ਚ ਕਲੱਸਟਰ ਪੱਧਰੀ ਵਾਤਾਵਰਨ ਸਿੱਖਿਆ ਪ੍ਰੋਗਰਾਮ ਵਰਕਸਾਪ ਸਫ਼ਲਤਾ ਨਾਲ ਸੰਪੰਨ

ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਵਾਤਾਵਰਨ ਸੰਭਾਲ, ਟਿਕਾਊ ਵਿਕਾਸ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਨੂੰ ਹੋਰ ਮਜਬੂਤ ਕਰਨ ਦੇ ਉਦੇਸ਼ ਨਾਲ ਫਰੀਦਕੋਟ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਕਲੱਸਟਰ ਪੱਧਰੀ ਓਰੀਐਂਟੇਸਨ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਅੰਦਰ ਪੰਜਾਬ ਦੇ ਛੇ ਜ਼ਿਲ੍ਹਿਆਂ ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਜਲੰਧਰ ਅਤੇ ਕਪੂਰਥਲਾ ਤੋਂ150 ਈਕੋ ਕਲੱਬ ਇੰਚਾਰਜਾਂ ਨੇ ਭਾਗ ਲਿਆ। ਇਸ ਦੌਰਾਨ ਅਧਿਆਪਕਾਂ ਨੇ ਵਾਤਾਵਰਨ ਨਾਲ ਜੁੜੇ ਮੁੱਦਿਆਂ, ਟਿਕਾਊ ਜੀਵਨ-ਜਾਚ ਅਤੇ ਸੰਭਾਲ ਦੀਆਂ ਨਵੀਆਂ ਪਹੁੰਚਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਵਰਕਸ਼ਾਪ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਜੁਆਇੰਟ ਡਾਇਰੈਕਟਰ ਡਾ. ਕੇ.ਐੱਸ. ਬਾਠ ਅਤੇ ਪ੍ਰੋਜੈਕਟ ਸਾਇੰਟਿਸਟ ਡਾ. ਮੰਦਾਕਿਨੀ ਠਾਕੁਰ ਦੀ ਅਗਵਾਈ ਅਤੇ ਸਹਿਯੋਗ ਹੇਠ ਕਰਵਾਈ ਗਈ। ਜ਼ਿਲ੍ਹਾ ਫਰੀਦਕੋਟ ਵੱਲੋਂ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਗਈ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਫਰੀਦਕੋਟ ਸ੍ਰੀਮਤੀ ਅੰਜਨਾ ਕੌਸਲ ਨੇ ਸ਼ਾਮਲ ਹੋਏ ਅਧਿਆਪਕਾਂ, ਅਧਿਕਾਰੀਆਂ, ਕੋਆਰਡੀਨੇਟਰਾਂ ਅਤੇ ਸਰੋਤ ਵਿਅਕਤੀਆਂ ਦਾ ਸਵਾਗਤ ਕੀਤਾ। ਵਰਕਸ਼ਾਪ ’ਚ ਮੁੱਖ ਮਹਿਮਾਨ ਵਜੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ.ਰਾਜਿੰਦਰ ਕੁਮਾਰ ਬਾਂਸਲ ਸ਼ਾਮਲ ਹੋਏ। ਉਨ੍ਹਾਂ ਕਿਹਾ ਵਾਤਾਵਰਨ ਸਿੱਖਿਆ ਅੱਜ ਦੇ ਸਮੇਂ ਦਾ ਬਹੁਤ ਮਹੱਤਵਪੂਰਨ ਵਿਸ਼ਾ ਹੈ। ਸਾਨੂੰ ਇਸ ਨੂੰ ਗੰਭੀਰਤਾ ਨਾਲ ਸਮਝਣ ਤੇ ਅਮਲ ਲਿਆਉਣ ਦੀ ਲੋੜ ਹੈ। ਉਨ੍ਹਾਂ ‘ਪਲੀਊਸ਼ਨ ਅਤੇ ਹੈੱਲਥ’ ਕਿਤਾਬ ਸਭ ਨੂੰ ਪੜ੍ਹਨ ਲਈ ਉਤਸ਼ਾਹਿਤ ਕੀਤਾ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਦੇ ਰਜਿਸਟਰਾਰ, ਡਾ.ਗਰੀਸ਼ ਸਾਹਨੀ ਤੇ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਮੈਡੀਕਲ ਸੁਪਰਡੈਂਟ ਡਾ.ਅਮਰਬੀਰ ਸਿੰਘ ਬੋਪਰਾਏ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਵਾਤਾਵਰਨ ਸ਼ੰਦੇਸ ਨਾਲ ਵਰਕਸ਼ਾਪ ਦੀ ਸੁਰੂਆਤ ਵਾਤਾਵਰਨ-ਕੇਂਦਰਿਤ ਸੱਭਿਆਚਾਰਕ ਪੇਸ਼ਕਾਰੀ ਨਾਲ ਹੋਈ। ਐੱਸ.ਐੱਸ.ਬੀ.ਐੱਸ.ਖਾਲਸਾ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਵੱਲੋਂ ਅਧਿਆਪਿਕ ਸਨੀ ਆਹੂਜਾ ਦੀ ਅਗਵਾਈ ਹੇਠ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦੀ ਵਿਸ਼ੇਸ਼ ਗਿੱਧਾ ਪੇਸ਼ਕਾਰੀ ਕੀਤੀ ਗਈ। ਵਿਦਿਆਰਥੀ ਆਕਾਸ਼ ਵੱਲੋਂ ਕਵੀਸ਼ਰੀ ਪੇਸ਼ਕਾਰੀ ਰਾਹੀਂ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦਾ ਸੰਦੇਸ਼ ਪ੍ਰਭਾਵਸਾਲੀ ਢੰਗ ਨਾਲ ਪੇਸ ਕੀਤਾ ਗਿਆ। ਵਰਕਸ਼ਾਪ ਦੇ ਤਕਨੀਕੀ ਸੈਸਨਾਂ ਦੌਰਾਨ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ, ਫਰੀਦਕੋਟ ਦੇ ਜੇ.ਈ. ਜਗਸੀਰ ਸਿੰਘ ਨੇ ‘’ਸਰੋਤਾਂ, ਅਤੇ ਟਿਕਾਊ ਜੀਵਨ-ਸੈਲੀ ਰਾਹੀਂ ਮਿਸ਼ਨ ਲਾਈਫ ਨੂੰ ਅਪਣਾਉਣਾ’ ਵਿਸ਼ੇ ’ਤੇ ਸੰਬੋਧਨ ਕਰਦਿਆਂ ਕੁਦਰਤੀ ਸਰੋਤਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਅਤੇ ਰੋਜ਼ਾਨਾ ਜੀਵਨ ਅੰਦਰ ਟਿਕਾਊ ਆਦਤਾਂ ਅਪਣਾਉਣ ਦੀ ਮਹੱਤਤਾ ਉਜਾਗਰ ਕੀਤੀ। ਨੇਚਰ ਐਜੂਕੇਟਰ ਅਤੇ ਵਾਈਲਡਲਾਈਫ ਕੰਜਰਵੇਸਨਿਸਟ ਸ੍ਰੀ ਮਾਣਿਕ ਕਪੂਰ ਨੇ ਸੱਪਾਂ, ਉਨ੍ਹਾਂ ਦੀ ਵਾਤਾਵਰਨਕ ਮਹੱਤਤਾ ਅਤੇ ਸੱਪਾਂ ਨਾਲ ਸੁਰੱਖਿਅਤ ਵਿਹਾਰ ਸਬੰਧੀ ਜਾਣਕਾਰੀ ਭਰਪੂਰ ਤੇ ਸੰਵਾਦਾਤਮਕ ਸੈਸਨ ਕਰਵਾਇਆ। ਕੇਸੂ ਫਾਊਂਡੇਸਨ, ਪਟਿਆਲਾ ਦੇ ਡਾ. ਰਜਨੀਸ ਵਰਮਾ ਨੇ ‘ਸਾਡੇ ਦੇਸੀ ਰੁੱਖ ਟਿਕਾਊ ਪੰਜਾਬ ਦੀਆਂ ਜੜ੍ਹਾਂ ’ ਵਿਸ਼ੇ ’ਤੇ ਵਿਚਾਰ ਸਾਂਝੇ ਕਰਦਿਆਂ ਪੰਜਾਬ ਦੇ ਮੂਲ ਰੁੱਖਾਂ ਦੀ ਵਾਤਾਵਰਨਕ ਮਹੱਤਤਾ ਅਤੇ ਟਿਕਾਊ ਤੇ ਮਜਬੂਤ ਪੰਜਾਬ ਦੀ ਸਿਰਜਣਾ ’ਚ ਉਨ੍ਹਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਵਰਕਸ਼ਾਪ ਦੌਰਾਨ ਵਾਤਾਵਰਨ ਸਿੱਖਿਆ ਨੂੰ ਵਿਹਾਰਕ ਅਤੇ ਰੁਚੀਪੂਰਨ ਬਣਾਉਣ ਲਈ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਅੰਜਨਾ ਜੈਨ ਵੱਲੋਂ ਲਗਾਈ ਗਈ ਪ੍ਰਦਰਸਨੀ ’ਚ ਬੇਕਾਰ ਸਮੱਗਰੀ ਤੋਂ ਉਪਯੋਗੀ ਅਤੇ ਰਚਨਾਤਮਕ ਵਸਤੂਆਂ ਤਿਆਰ ਕਰਨ ਦੀਆਂ ਗਤੀਵਿਧੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਬਲਾਕ ਕੋਆਰਡੀਨੇਟਰ ਸ੍ਰੀ ਅਸੀਮ ਕੁਮਾਰ ਅਤੇ ਸ੍ਰੀ ਗਗਨਦੀਪ ਸਿੰਘ ਵੱਲੋਂ ਲਗਾਈ ਗਈ ਬਰਡ ਫੋਟੋਗ੍ਰਾਫੀ ਪ੍ਰਦਰਸ਼ਨੀ ਨੇ ਸਥਾਨਕ ਪੰਛੀ ਜਗਤ ਦੀ ਵਿਭਿੰਨਤਾ ਨੂੰ ਉਜਾਗਰ ਕੀਤਾ ਅਤੇ ਕੁਦਰਤੀ ਜੈਵ-ਵਿਭਿੰਨਤਾ ਨੂੰ ਨੇੜਿਓਂ ਦੇਖਣ ਤੇ ਸਮਝਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਜ਼ਿਲਾ ਕੋਆਰਡੀਨੇਟਰ ਸ੍ਰੀ ਵਰਿੰਦਰ ਸ਼ਰਮਾ ਵੱਲੋਂ ਤਿਆਰ ਕੀਤੀ ਵਾਈਲਡਲਾਈਫ ਫੋਟੋਗ੍ਰਾਫੀ ਪ੍ਰਦਰਸਨੀ ਵਿੱਚ ਜੰਗਲੀ ਜੀਵ-ਜੰਤੂਆਂ ਦੀ ਵਿਭਿੰਨਤਾ ਅਤੇ ਕੁਦਰਤੀ ਸੁੰਦਰਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।