ਚਰਨਜੀਤ ਸਿੰਘ ਚੰਨੀ ਦਾ ਵੱਡਾ ਐਲਾਨ, ਗ਼ਰੀਬਾਂ ਦੇ ਬੱਚਿਆਂ ਨੂੰ ਪੀਐੱਚਡੀ ਤੱਕ ਦਿੱਤੀ ਜਾਵੇਗੀ ਮੁਫ਼ਤ ਸਿੱਖਿਆ ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਦਰਮਿਆਨ ਕਾਂਗਰਸ ਦੀ ਪੰਜਾਬ ਬਚਾਓ ਯਾਤਰਾ ਨੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਪਾਰਟੀ ਦੀ ਅੰਦਰੂਨੀ ਸਿਆਸਤ ਦੀ ਤਸਵੀਰ ਵੀ ਸਾਹਮਣੇ ਲਿਆ ਦਿੱਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਸ ਯਾਤਰਾ ਵਿੱਚ ਜਿੱਥੇ ਦਲਿਤ ਅਤੇ ਪਛੜੇ ਵਰਗ ਦੇ ਵੋਟ ਬੈਂਕ ਨੂੰ ਆਪਣੇ ਪੱਖ ਵਿੱਚ ਕਰਨ ਦੀ ਰਣਨੀਤੀ ਸਾਫ਼ ਦਿਖਾਈ ਦਿੱਤੀ, ਉੱਥੇ ਹੀ ਕਾਂਗਰਸ ਦੀ ਧੜੇਬੰਦੀ ਵੀ ਪੂਰੀ ਤਰ੍ਹਾਂ ਹਾਵੀ ਨਜ਼ਰ ਆਈ।
Publish Date: Tue, 17 Nov 2026 09:55 AM (IST)
Updated Date: Tue, 17 Nov 2026 09:56 AM (IST)
ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਪੰ ਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਦਰਮਿਆਨ ਕਾਂਗਰਸ ਦੀ ਪੰਜਾਬ ਬਚਾਓ ਯਾਤਰਾ ਨੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਪਾਰਟੀ ਦੀ ਅੰਦਰੂਨੀ ਸਿਆਸਤ ਦੀ ਤਸਵੀਰ ਵੀ ਸਾਹਮਣੇ ਲਿਆ ਦਿੱਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਸ ਯਾਤਰਾ ਵਿੱਚ ਜਿੱਥੇ ਦਲਿਤ ਅਤੇ ਪਛੜੇ ਵਰਗ ਦੇ ਵੋਟ ਬੈਂਕ ਨੂੰ ਆਪਣੇ ਪੱਖ ਵਿੱਚ ਕਰਨ ਦੀ ਰਣਨੀਤੀ ਸਾਫ਼ ਦਿਖਾਈ ਦਿੱਤੀ, ਉੱਥੇ ਹੀ ਕਾਂਗਰਸ ਦੀ ਧੜੇਬੰਦੀ ਵੀ ਪੂਰੀ ਤਰ੍ਹਾਂ ਹਾਵੀ ਨਜ਼ਰ ਆਈ।
ਚੰਨੀ ਐਤਵਾਰ ਰਾਤ ਨੂੰ ਹੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਨਿਵਾਸ ਸਥਾਨ 'ਤੇ ਪਹੁੰਚ ਗਏ ਸਨ। ਸੋਮਵਾਰ ਨੂੰ ਪੰਜਾਬ ਬਚਾਓ ਯਾਤਰਾ ਦੇ ਪੰਜਵੇਂ ਦਿਨ ਚਰਨਜੀਤ ਸਿੰਘ ਚੰਨੀ ਨੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਪਿੰਡ ਅਰਾਈਆਂਵਾਲਾ ਕਲਾਂ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਯਾਤਰਾ ਦੀ ਸ਼ੁਰੂਆਤ ਕੀਤੀ। ਇੱਥੇ ਉਨ੍ਹਾਂ ਦਾ ਸੰਬੋਧਨ ਮੁੱਖ ਤੌਰ 'ਤੇ ਬਾਵਰੀਆ ਸਮਾਜ ਅਤੇ ਦਲਿਤ ਵਰਗ 'ਤੇ ਕੇਂਦਰਿਤ ਰਿਹਾ। ਚੰਨੀ ਨੇ ਕਿਹਾ ਕਿ ਦੋ ਫ਼ੀਸਦੀ ਨਹੀਂ, ਸਗੋਂ ਜਨਗਣਨਾ ਕਰਵਾ ਕੇ ਜਿੰਨੀ ਆਬਾਦੀ ਹੋਵੇਗੀ, ਓਨਾ ਹੀ ਰਾਖਵਾਂਕਰਨ ਦਿੱਤਾ ਜਾਵੇਗਾ। ਉਨ੍ਹਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਲੈ ਕੇ ਪੀਐੱਚਡੀ ਤੱਕ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਫ਼ਰੀਦਕੋਟ ਵਿੱਚ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਹੱਕ ਵਿੱਚ ਸਮਰਥਨ ਦੀ ਅਪੀਲ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਵਾਰ ਕਿੱਕੀ ਢਿੱਲੋਂ ਮੰਤਰੀ ਬਣਨਗੇ ਅਤੇ ਸਰਕਾਰ ਚਲਾਉਣਗੇ। ਇਸੇ ਤਰ੍ਹਾਂ ਕੋਟਕਪੂਰਾ ਵਿੱਚ ਅਜੈਪਾਲ ਸਿੰਘ ਦੇ ਹੱਕ ਵਿੱਚ ਵੀ ਲੋਕਾਂ ਤੋਂ ਸਮਰਥਨ ਮੰਗਿਆ।
ਰਾਜਾ ਵੜਿੰਗ ਧੜੇ ਦੀ ਗੈਰ-ਮੌਜੂਦਗੀ ਰਹੀ ਚਰਚਾ ’ਚ ਫ਼ਰੀਦਕੋਟ ’ਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਅਤੇ ਉਨ੍ਹਾਂ ਦੇ ਸਮਰਥਕਾਂ, ਕੋਟਕਪੂਰਾ ਹਲਕੇ ਵਿੱਚ ਧਨਜੀਤ ਸਿੰਘ ਧਨੀ ਵਿਰਕ ਅਤੇ ਉਨ੍ਹਾਂ ਦੇ ਸਮਰਥਕਾਂ ਅਤੇ ਜੈਤੋ ਹਲਕੇ ਵਿੱਚ ਦਰਸ਼ਨ ਸਿੰਘ ਢਿੱਲਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਯਾਤਰਾ ਤੋਂ ਦੂਰੀ ਬਣਾਈ ਰੱਖੀ। ਇਹ ਸਾਰੇ ਆਗੂ ਰਾਜਾ ਵੜਿੰਗ ਧੜੇ ਨਾਲ ਸਬੰਧਤ ਹਨ। ਦੂਜੇ ਪਾਸੇ, ਜੈਤੋ ਵਿੱਚ ਰਾਜਾ ਵੜਿੰਗ ਧੜੇ ਦੇ ਆਗੂ ਦਰਸ਼ਨ ਸਿੰਘ ਢਿੱਲਵਾਂ ਅਤੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਸਰਗਰਮੀ ਦੇ ਚਲਦਿਆਂ ਚੰਨੀ ਵੱਲੋਂ ਸ਼ਹਿਰ ਵਿੱਚ ਨਾ ਜਾਣਾ ਵੀ ਸਿਆਸੀ ਚਰਚਾ ਦਾ ਵਿਸ਼ਾ ਬਣਿਆ ਰਿਹਾ।