ਰੱਤੀ ਰੋੜੀ ਡੱਗੋ ਰਮਾਣਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਰੱਤੀ ਰੋੜੀ ਡੱਗੋ ਰਮਾਣਾ ਵਿਖੇ ਮਨਾਇਆ ਗਿਆ ਆਜ਼ਾਦੀ ਦਿਹਾੜਾ:
Publish Date: Sun, 16 Aug 2026 05:45 PM (IST)
Updated Date: Sun, 16 Aug 2026 05:47 PM (IST)
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਚ ਯੋਗਦਾਨ ਦੇਣ ਵਾਲੇ ਸਨਮਾਨਿਤ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰਮਾਣਾ ਫ਼ਰੀਦਕੋਟ ਵਿਖੇ ਦੇਸ਼ ਦਾ ਆਜ਼ਾਦੀ ਦਿਹਾੜਾ ਬਹੁਤ ਹੀ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਮਨਿੰਦਰ ਕੌਰ ਜੀ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ। ਇਸ ਮੌਕੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਰਾਸ਼ਟਰੀ ਗਾਨ ਗਾਉਂਦੇ ਹੋਏ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਇਸ ਉਪਰੰਤ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਦੇਸ਼ ਭਗਤੀ ਦਾ ਪ੍ਰਸਿੱਧ ਗੀਤ ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ... ਗਾਇਆ। ਸਮਾਗਮ ਦਾ ਸਭ ਤੋਂ ਖਾਸ ਆਕਰਸ਼ਣ ਪੰਜਾਬ ਸਰਕਾਰ ਦੀ ਅਗਵਾਈ ਹੇਠ ਚੱਲ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡ ਰੱਤੀ ਰੋੜੀ ਅਤੇ ਡੱਗੋ ਰੋਮਾਣਾ ਦੇ ਉਨ੍ਹਾਂ ਨੌਜਵਾਨਾਂ ਦਾ ਸਨਮਾਨ ਕਰਨਾ ਰਿਹਾ, ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਇਸ ਜੰਗ ਵਿੱਚ ਮੋਹਰੀ ਹੋ ਕੇ ਯੋਗਦਾਨ ਪਾਇਆ ਹੈ। ਇਨ੍ਹਾਂ ਸੂਝਵਾਨ ਯੋਧਿਆਂ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਭੇਜੇ ਗਏ ਵਿਸ਼ੇਸ਼ ਪ੍ਰਸ਼ੰਸਾ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਵਲੰਟੀਅਰਾਂ ਵਿੱਚ ਪਿੰਡ ਰੱਤੀ ਰੋੜੀ ਤੋਂ ਬੋਹੜ ਸਿੰਘ, ਜਸਕਰਨ ਸਿੰਘ, ਗੁਰਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਸਨ, ਜਦਕਿ ਪਿੰਡ ਡੱਗੋ ਰੋਮਾਣਾ ਤੋਂ ਸਰਪੰਚ ਅਤੇ ਕਨਵੀਨਰ ਅਮਰੀਕ ਸਿੰਘ, ਅਮਰਜੀਤ ਸਿੰਘ, ਜਗਮੀਤ ਸਿੰਘ ਅਤੇ ਲਾਭ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਨੇ ਆਜ਼ਾਦੀ ਨਾਲ ਸੰਬੰਧਿਤ ਵੱਖ ਵੱਖ ਵੰਨਗੀਆਂ ਇੱਕ ਰੰਗਾਰੰਗ ਪ੍ਰੋਗਰਾਮ ਦੇ ਰੂਪ ਦੇ ਵਿੱਚ ਪੇਸ਼ ਕੀਤੀਆਂ , ਜਿਨਾਂ ਵਿੱਚ ਮੇਰਾ ਰੰਗ ਦੇ ਬਸੰਤੀ ਚੋਲਾ ਅਤੇ ਆਈ ਲਵ ਮਾਈ ਇੰਡੀਆ- ਡਾਂਸ ਮੁੱਖ ਆਕਰਸ਼ਣ ਰਹੇ। ਸਕੂਲ ਪ੍ਰਿੰਸੀਪਲ ਨੇ ਰੰਗਾਰੰਗ ਪ੍ਰੋਗਰਾਮ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਮਨਿੰਦਰਪਾਲ ਕੌਰ ਅਤੇ ਪ੍ਰੀਤੀ ਗੋਇਲ ਦੀ ਦਿਲ ਖੋਲ ਕੇ ਸਲਾਘਾ ਕੀਤੀ । ਸਮਾਗਮ ਦੇ ਅੰਤ ਵਿੱਚ ਅੱਜ ਦੇ ਇਨ੍ਹਾਂ ਸਟਾਰ ਅਵਾਰਡੀਜ਼ ਵੱਲੋਂ ਹਾਜ਼ਰੀਨ ਵਿੱਚ ਖ਼ੁਸ਼ੀਆਂ ਸਾਂਝੀਆਂ ਕਰ⁹ਦਿਆਂ ਲੱਡੂ ਵੰਡੇ ਗਏ। ਪ੍ਰਿੰਸੀਪਲ ਮਨਿੰਦਰ ਕੌਰ ਨੇ ਜਿਥੇ ਆਪਣੇ ਸੰਬੋਧਨ ਵਿੱਚ ਸਭ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਮਜ਼ਬੂਤ ਸਮਾਜ ਦੀ ਸਿਰਜਣਾ ਕਰਨ ਦਾ ਪ੍ਰਣ ਦਿਵਾਇਆ, ਉਥੇ ਉਹਨਾਂ ਨੇ ਇਨਕਲਾਬ ਜਿੰਦਾਬਾਦ ਵੰਦੇ ਮਾਤਰਮ , ਭਾਰਤ ਮਾਤਾ ਕੀ ਜੈ ਆਦਿ ਨਾਅਰਿਆਂ ਦੀ ਗੂੰਜ ਰਾਹੀਂ ਸਾਰੇ ਪਿੰਡ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ, ਮਾਪੇ, ਸਮੂਹ ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।