- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ੌਜੀ ਟਿਕਾਣਿਆਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਤੱਕ ਪਹੁੰਚਾਉਣ ਦੇ ਦੋਸ਼ਾਂ ਤਹਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਫਾਜ਼ਿਲਕਾ ਨੇ ਫਰੀਦਕੋਟ ਦੀ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਗਮੀਤ ਸਿੰਘ, ਪੰਜਾਬੀ ਜਾਗਰਣ, ਫਰੀਦਕੋਟ : ਫ਼ੌਜੀ ਟਿਕਾਣਿਆਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਤੱਕ ਪਹੁੰਚਾਉਣ ਦੇ ਦੋਸ਼ਾਂ ਤਹਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਫਾਜ਼ਿਲਕਾ ਨੇ ਫਰੀਦਕੋਟ ਦੀ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਭਾਰਤੀ ਫੌਜ ਦੇ ਦੋ ਜਵਾਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਸਰਕਾਰੀ ਗੁਪਤਤਾ ਐਕਟ, 1923 ਦੀਆਂ ਧਾਰਾਵਾਂ 3 ਅਤੇ 4 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਦਰਜ ਐੱਫਆਈਆਰ ਅਨੁਸਾਰ, ਗ੍ਰਿਫ਼ਤਾਰ ਔਰਤ ਦੀ ਪਛਾਣ ਫਰੀਦਕੋਟ ਦੇ ਹਰਿੰਦਰਾ ਨਗਰ ਦੀ ਰਹਿਣ ਵਾਲੀ ਗੁਰਨੂਰ ਸਿੱਧੂ ਵਜੋਂ ਹੋਈ ਹੈ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਮਹਿਲਾ ਅਤੇ ਫ਼ੌਜ ਦੇ ਦੋਵੇਂ ਜਵਾਨ ਕਥਿਤ ਤੌਰ ’ਤੇ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਤੇ ਪਾਕਿਸਤਾਨੀ ਫ਼ੌਜ ਨਾਲ ਸਬੰਧ ਹੋਣ ਦਾ ਸ਼ੱਕ ਹੈ।
ਮੋਬਾਈਲ ਅਤੇ ਟੈਬਲੇਟ ਰਾਹੀਂ ਜਾਣਕਾਰੀ ਭੇਜਣ ਦਾ ਦੋਸ਼
ਐੱਫਆਈਆਰ ਵਿੱਚ ਦਰਜ ਵੇਰਵਿਆਂ ਮੁਤਾਬਕ, ਫ਼ੌਜ ਦੇ ਦੋਵੇਂ ਜਵਾਨ ਕਥਿਤ ਤੌਰ ’ਤੇ ਫ਼ੌਜੀ ਛਾਉਣੀਆਂ ਨਾਲ ਸਬੰਧਤ ਗੁਪਤ ਅਤੇ ਅਹਿਮ ਜਾਣਕਾਰੀਆਂ ਇਕੱਠੀਆਂ ਕਰਦੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਜਾਣਕਾਰੀਆਂ ਮਹਿਲਾ ਦੇ ਜ਼ਰੀਏ ਮੋਬਾਈਲ ਫੋਨ, ਟੈਬਲੇਟ ਅਤੇ ਇੰਟਰਨੈੱਟ ਦੀ ਮਦਦ ਨਾਲ ਪਾਕਿਸਤਾਨੀ ਏਜੰਸੀਆਂ ਤੱਕ ਪਹੁੰਚਾਈਆਂ ਜਾਂਦੀਆਂ ਸਨ। ਹਾਲਾਂਕਿ, ਜਾਂਚ ਦੌਰਾਨ ਇਹ ਸਪੱਸ਼ਟ ਹੋਣਾ ਬਾਕੀ ਹੈ ਕਿ ਕਿਹੜੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਕਿਵੇਂ ਭੇਜਿਆ ਗਿਆ।
ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਥਿਤ ਗਤੀਵਿਧੀਆਂ ਪਿੱਛੇ ਕਿਸੇ ਹੋਰ ਵਿਅਕਤੀ ਜਾਂ ਨੈੱਟਵਰਕ ਦੀ ਭੂਮਿਕਾ ਤਾਂ ਨਹੀਂ ਸੀ। ਮਾਮਲੇ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਾਰਨ ਜਾਂਚ ਏਜੰਸੀ ਵੱਲੋਂ ਵੱਖ-ਵੱਖ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
8 ਅਕਤੂਬਰ ਨੂੰ ਮਿਲੀ ਸੀ ਸੂਚਨਾ
ਪੁਲਿਸ ਵੱਲੋਂ ਦਰਜ ਮਾਮਲੇ ਅਨੁਸਾਰ, 8 ਅਕਤੂਬਰ ਨੂੰ ਐੱਸਐੱਸਓਸੀ ਫਾਜ਼ਿਲਕਾ ਦੇ ਥਾਣਾ ਮੁਖੀ ਇੰਸਪੈਕਟਰ ਸਤੀਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸ਼ੱਕੀ ਵਿਅਕਤੀਆਂ ਦੀ ਭਾਲ ਵਿੱਚ ਨਿਕਲੀ ਹੋਈ ਸੀ। ਟੀਮ ਵਿੱਚ ਸਬ-ਇੰਸਪੈਕਟਰ ਪ੍ਰਸ਼ਾਂਤ ਕੰਬੋਜ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।
ਜਦੋਂ ਪੁਲਿਸ ਪਾਰਟੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰੁਕਨਾ ਬੇਗੂ ਨੇੜੇ ਸੇਮ ਨਾਲੇ ਦੇ ਪੁਲ ’ਤੇ ਪਹੁੰਚੀ ਤਾਂ ਸ਼ਾਮ ਕਰੀਬ 3:50 ਵਜੇ ਮੁਖ਼ਬਰ ਵੱਲੋਂ ਸੂਚਨਾ ਦਿੱਤੀ ਗਈ ਕਿ ਗੁਰਨੂਰ ਸਿੱਧੂ ਫਿਰੋਜ਼ਪੁਰ ਦੇ ਕਿਲਾ ਚੌਕ ਤੋਂ ਹੁਸੈਨੀਵਾਲਾ ਬਾਰਡਰ ਰੋਡ ਵੱਲ ਜਾਂਦੇ ਰਸਤੇ ’ਤੇ ਰੇਲਵੇ ਫਾਟਕ ਨੇੜੇ ਉਸਾਰੀ ਅਧੀਨ ਪੁਲ ਕੋਲ ਘੁੰਮ ਰਹੀ ਹੈ। ਮੁਖ਼ਬਰ ਨੇ ਖ਼ਦਸ਼ਾ ਜਤਾਇਆ ਕਿ ਮਹਿਲਾ ਕੋਲ ਜਾਣਕਾਰੀਆਂ ਭੇਜਣ ਲਈ ਵਰਤਿਆ ਜਾਣ ਵਾਲਾ ਟੈਬਲੇਟ ਅਤੇ ਹੋਰ ਸਮੱਗਰੀ ਹੋ ਸਕਦੀ ਹੈ।
ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਜਾਂਚ ਦਾ ਮੁੱਖ ਕੇਂਦਰ ਕਥਿਤ ਤੌਰ ’ਤੇ ਜਾਣਕਾਰੀ ਇਕੱਠੀ ਕਰਨ ਅਤੇ ਉਸ ਨੂੰ ਪਾਕਿਸਤਾਨ ਤੱਕ ਪਹੁੰਚਾਉਣ ਦੇ ਤਰੀਕਿਆਂ ਦਾ ਪਤਾ ਲਗਾਉਣਾ ਹੈ। ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪੁਸ਼ਟੀ ਅਦਾਲਤੀ ਕਾਰਵਾਈ ਅਤੇ ਜਾਂਚ ਦੇ ਨਤੀਜਿਆਂ ਤੋਂ ਬਾਅਦ ਹੀ ਹੋਵੇਗੀ।