ਹੜਤਾਲ ਦੌਰਾਨ ਐਤਵਾਰ ਨੂੰ ਆਮ ਵਾਂਗ ਖੁੱਲ੍ਹੇ ਰਹੇ ਬੈਂਕ ਤਿੰਨ ਦਿਨਾਂ ਦੀ ਹੜਤਾਲ ਤੋਂ ਪਹਿਲਾਂ ਐਤਵਾਰ ਨੂੰ ਖੁੱਲ੍ਹੇ ਬੈਂਕ, ਆਮ ਵਾਂਗ ਹੋਇਆ ਕੰਮਕਾਜ
Publish Date: Sun, 27 Sep 2026 04:22 PM (IST)
Updated Date: Sun, 27 Sep 2026 04:24 PM (IST)
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ : ਆਉਣ ਵਾਲੇ ਤਿੰਨ ਦਿਨਾਂ ਦੀ ਲਗਾਤਾਰ ਬੈਂਕ ਹੜਤਾਲ ਅਤੇ ਛੁੱਟੀਆਂ ਤੋਂ ਪਹਿਲਾਂ ਅੱਜ ਫ਼ਰੀਦਕੋਟ ਦੇ ਸਾਰੇ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ। ਬੈਂਕਾਂ ਵਿੱਚ ਸਵੇਰ ਤੋਂ ਹੀ ਗਾਹਕਾਂ ਦੀ ਆਵਾਜਾਈ ਦੇਖਣ ਨੂੰ ਮਿਲੀ ਅਤੇ ਸਾਰੇ ਵਿੱਤੀ ਕੰਮ ਸੁਚਾਰੂ ਢੰਗ ਨਾਲ ਹੋਏ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਵੱਲੋਂ ਹਫ਼ਤੇ ਵਿੱਚ 5 ਦਿਨ ਕੰਮ ਕਰਨ ਤੇ ਸਾਰੇ ਸ਼ਨੀਵਾਰਾਂ ਨੂੰ ਛੁੱਟੀ ਐਲਾਨਣ ਅਤੇ ਪੈਨਸ਼ਨ ਵਿੱਚ ਸੁਧਾਰ ਦੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਹੜਤਾਲ ਕਾਰਨ ਲਗਾਤਾਰ ਪੰਜ ਦਿਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਨਾ ਹੋਣ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਭਾਰਤੀ ਰਿਜ਼ਰਵ ਬੈਂਕ ਅਤੇ ਵਿੱਤ ਮੰਤਰਾਲੇ ਦੇ ਨਿਰਦੇਸ਼ਾਂ ਤੇ ਐਤਵਾਰ ਨੂੰ ਵੀ ਬੈਂਕਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੇ ਹੁਕਮ ਦਿੱਤੇ ਗਏ। ਜਿਸ ਨੂੰ ਲੈ ਕੇ ਅੱਜ ਐਤਵਾਰ ਨੂੰ ਵੀ ਫਰੀਦਕੋਟ ਸ਼ਹਿਰ ਦੇ ਸਾਰੇ ਬੈਂਕ ਖੁੱਲੇ ਰਹੇ ਅਤੇ ਆਮ ਵਾਂਗ ਕੰਮਕਾਜ ਚਲਦਾ ਰਿਹਾ। ਕੋਟਕਪੂਰਾ ਰੋਡ ਸਥਿਤ ਬੈਂਕ ਆਫ਼ ਬੜੌਦਾ ਦੇ ਸ਼ਾਖਾ ਪ੍ਰਬੰਧਕ ਆਸ਼ੀਸ਼ ਖਰਾਣਾ ਨੇ ਦੱਸਿਆ, ਆਰ.ਬੀ.ਆਈ. ਦੀਆਂ ਹਦਾਇਤਾਂ ਅਤੇ ਆਉਣ ਵਾਲੀ ਹੜਤਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਸਾਡੀ ਬ੍ਰਾਂਚ ਆਮ ਵਾਂਗ ਖੁੱਲ੍ਹੀ ਹੈ। ਗਾਹਕਾਂ ਦੀ ਸੁਵਿਧਾ ਲਈ ਕੈਸ਼ ਜਮ੍ਹਾਂ ਅਤੇ ਕਢਵਾਉਣ ਦੀਆਂ ਸੇਵਾਵਾਂ ਚਾਲੂ ਹਨ। ਬੈਂਕ ਆਏ ਸਥਾਨਕ ਨਿਵਾਸੀ ਮਹਿੰਦਰ ਕੁਮਾਰ ਨੇ ਕਿਹਾ, ਅੱਗੇ ਤਿੰਨ ਦਿਨ ਬੈਂਕ ਬੰਦ ਰਹਿਣ ਕਰਕੇ ਮੈਂ ਸਵੇਰੇ ਹੀ ਆ ਗਿਆ ਸੀ, ਪਰ ਇੱਥੇ ਕੰਮ ਬਹੁਤ ਆਸਾਨੀ ਨਾਲ ਹੋ ਗਿਆ। ਇੱਕ ਹੋਰ ਗਾਹਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੜਤਾਲ ਤੋਂ ਪਹਿਲਾਂ ਬੈਂਕ ਖੁੱਲ੍ਹੇ ਹੋਣ ਕਰਕੇ ਉਨ੍ਹਾਂ ਦੇ ਜ਼ਰੂਰੀ ਕੰਮ ਵੇਲੇ ਸਿਰ ਨਿਪਟ ਗਏ ਹਨ।