ਅਲੌਕਿਕ ਨਗਰ ਕੀਰਤਨ ਨਾਲ ਸਮਾਪਤ ਹੋਵੇਗਾ ਬਾਬਾ ਫ਼ਰੀਦ ਆਗਮਨ ਪੁਰਬ ਅਲੌਕਿਕ ਨਗਰ ਕੀਰਤਨ ਨਾਲ ਸਮਾਪਤ ਹੋਵੇਗਾ ਬਾਬਾ ਫ਼ਰੀਦ ਆਗਮਨ ਪੁਰਬ
Publish Date: Tue, 22 Sep 2026 07:00 PM (IST)
Updated Date: Wed, 23 Sep 2026 04:04 AM (IST)
ਲੱਗਭਗ 10 ਲੱਖ ਸ਼ਰਧਾਲੂ ਬਾਬਾ ਫ਼ਰੀਦ ਜੀ ਦੇ ਪਵਿੱਤਰ ਅਸਥਾਨਾਂ ’ਤੇ ਹੁੰਦੇ ਨੇ ਨਤਮਸਤਕ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਦੀ ਧਰਤੀ ’ਤੇ ਹਰ ਸਾਲ ਸ਼ਰਧਾ, ਭਗਤੀ ਅਤੇ ਸੱਭਿਆਚਾਰਕ ਰੰਗਾਂ ਦਾ ਸੁਮੇਲ ਬਣ ਕੇ ਮਨਾਇਆ ਜਾਣ ਵਾਲਾ ਬਾਬਾ ਫ਼ਰੀਦ ਆਗਮਨ ਪੁਰਬ ਇਸ ਵਾਰ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਆਗਮਨ ਪੁਰਬ ਦੌਰਾਨ ਨਾ ਸਿਰਫ਼ ਫ਼ਰੀਦਕੋਟ ਜ਼ਿਲ੍ਹੇ ਤੋਂ, ਸਗੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਹਨ। ਇਸ ਦੌਰਾਨ ਲੱਗਭਗ 10 ਲੱਖ ਸ਼ਰਧਾਲੂ ਬਾਬਾ ਫ਼ਰੀਦ ਜੀ ਦੇ ਪਵਿੱਤਰ ਅਸਥਾਨਾਂ ’ਤੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਬਾਬਾ ਫ਼ਰੀਦ ਆਗਮਨ ਪੁਰਬ ਫ਼ਰੀਦਕੋਟ ਦੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਪੁਰਬ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸੱਭਿਆਚਾਰਕ ਅਤੇ ਸਾਹਿਤਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਕਲਾਕਾਰਾਂ, ਸਾਹਿਤਕਾਰਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਆਗਮਨ ਪੁਰਬ ਦੌਰਾਨ ਫ਼ਰੀਦਕੋਟ ਦਾ ਮਾਹੌਲ ਪੂਰੀ ਤਰ੍ਹਾਂ ਬਾਬਾ ਫ਼ਰੀਦ ਜੀ ਦੀ ਬਾਣੀ, ਵਿਚਾਰਧਾਰਾ ਅਤੇ ਸੂਫ਼ੀ ਪਰੰਪਰਾ ਦੇ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ। ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਕਾਰਨ ਸ਼ਹਿਰ ਵਿੱਚ ਰੌਣਕ ਵਧ ਜਾਂਦੀ ਹੈ ਅਤੇ ਪੂਰਾ ਇਲਾਕਾ ਧਾਰਮਿਕ ਸ਼ਰਧਾ ਦੇ ਮਾਹੌਲ ਵਿੱਚ ਡੁੱਬ ਜਾਂਦਾ ਹੈ। ਆਗਮਨ ਪੁਰਬ ਦੇ ਆਖ਼ਰੀ ਦਿਨ ਨਿਕਲਣ ਵਾਲਾ ਵਿਸ਼ਾਲ ਨਗਰ ਕੀਰਤਨ ਇਸ ਪੂਰੇ ਸਮਾਗਮ ਦਾ ਮੁੱਖ ਆਕਰਸ਼ਣ ਬਣਦਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਦੀ ਸ਼ਮੂਲੀਅਤ ਵਾਲਾ ਇਹ ਨਗਰ ਕੀਰਤਨ ਧਾਰਮਿਕ ਸ਼ਰਧਾ ਅਤੇ ਸੂਫ਼ੀ ਪਰੰਪਰਾ ਦਾ ਅਦਭੁੱਤ ਨਜ਼ਾਰਾ ਪੇਸ਼ ਕਰਦਾ ਹੈ। ਇਸੇ ਅਲੌਕਿਕ ਨਗਰ ਕੀਰਤਨ ਨਾਲ ਬਾਬਾ ਫ਼ਰੀਦ ਆਗਮਨ ਪੁਰਬ ਦੀਆਂ ਰੌਣਕਾਂ ਦਾ ਸਮਾਪਨ ਹੋਵੇਗਾ।