- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁੱਟ ਦੀ ਵਾਰਦਾਤ ਦੀ ਯੋਜਨਾ ਬਣਾ ਰਹੇ ਪੰਜ ਕਾਬੂ, ਹਥਿਆਰਾਂ ਨਾਲ ਲੈਸ ਹੋਣ ਦੀ ਮਿਲੀ ਸੀ ਸੂਚਨਾ

ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ: ਫਰੀਦਕੋਟ ਪੁਲਿਸ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕਥਿਤ ਯੋਜਨਾ ਬਣਾ ਰਹੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਨੈਸ਼ਨਲ ਹਾਈਵੇ-54 ਤੋਂ ਕੋਠੇ ਦਰਜੀਆਂ ਵਾਲੀ ਲਿੰਕ ਰੋਡ ’ਤੇ ਪਿੰਡ ਢਿੱਲਵਾਂ ਕਲਾਂ ਦੇ ਰਕਬੇ ਵਿੱਚ ਝਾੜੀਆਂ ਵਾਲੀ ਸੁੰਨਸਾਨ ਜਗ੍ਹਾ ’ਤੇ ਇਕੱਠੇ ਹੋਏ ਸਨ। ਉਨ੍ਹਾਂ ਕੋਲ ਮਾਰੂ ਹਥਿਆਰ ਹੋਣ ਦੀ ਸੂਚਨਾ ਵੀ ਪੁਲਿਸ ਨੂੰ ਮਿਲੀ ਸੀ।ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਇਸ ਸਬੰਧੀ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਟੀਮ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਪੁਲਿਸ ਅਨੁਸਾਰ 18 ਸਤੰਬਰ ਨੂੰ ਸਹਾਇਕ ਥਾਣੇਦਾਰ ਸੁਖਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਢਿੱਲਵਾਂ ਕਲਾਂ ਦੇ ਬੱਸ ਅੱਡੇ ’ਤੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਕੁਝ ਵਿਅਕਤੀ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੰਜਾਂ ਨੂੰ ਕਾਬੂ ਕਰ ਲਿਆ।ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਉਰਫ਼ ਬਾਬਾ, ਰਾਜਵਿੰਦਰ ਸਿੰਘ ਉਰਫ਼ ਚਿੱਟਾ, ਜਲਵਿੰਦਰ ਸਿੰਘ ਉਰਫ਼ ਜੱਲਾ, ਬੂਟਾ ਸਿੰਘ ਅਤੇ ਅਮ੍ਰਿਤਪਾਲ ਸਿੰਘ ਉਰਫ਼ ਬੱਬੂ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਕਰਮਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਪਿੰਡ ਢਿੱਲਵਾਂ ਕਲਾਂ, ਜਲਵਿੰਦਰ ਸਿੰਘ ਤੇ ਬੂਟਾ ਸਿੰਘ ਪਿੰਡ ਕੋਟ ਸੁਖੀਆ ਅਤੇ ਅਮ੍ਰਿਤਪਾਲ ਸਿੰਘ ਪਿੰਡ ਵਾਂਦਰ ਜਟਾਣਾ ਦਾ ਰਹਿਣ ਵਾਲਾ ਹੈ।ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਜਾਂਚ ਦੌਰਾਨ ਇਨ੍ਹਾਂ ਖ਼ਿਲਾਫ਼ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਨਸ਼ਾ ਤਸਕਰੀ, ਐਕਸਾਈਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੁੱਲ ਛੇ ਮਾਮਲੇ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ।