ਸਿਹਤ ਤੇ ਸਿੱਖਿਆ ਸਬੰਧੀ ਕੀਤੀਆਂ ਵਿਚਾਰਾਂ
ਬੱਚਿਆਂ ਅਤੇ ਨੋਜਵਾਨਾ ਨੂੰ ਮਾੜੀ ਸੁਸਾਇਟੀ ਤੋਂ ਬਚਾਅ ਕੇ ਵੱਡੇ ਅਫਸਰ ਬਣਾਉਣ ਦਾ ਕੀਤਾ ਪ੍ਰਬੰਧ : ਡਾ ਢਿੱਲੋਂ
Publish Date: Mon, 30 Mar 2026 04:10 PM (IST)
Updated Date: Tue, 31 Mar 2026 04:01 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਨੇੜਲੇ ਪਿੰਡ ਝੱਖੜਵਾਲਾ ਦੇ ਗੁਰਦਵਾਰਾ ਸਾਹਿਬ ਵਿਖੇ ਸਿਹਤ ਅਤੇ ਸਿੱਖਿਆ ਸਬੰਧੀ ਕੀਤੇ ਸੈਮੀਨਾਰ ਦੌਰਾਨ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਕੋਟਕਪੂਰਾ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਮੇਰੀ ਪਿਛਲੇ ਲੰਮੇ ਸਮੇਂ ਤੋਂ ਦਿਲੀ ਇੱਛਾ ਰਹੀ ਹੈ ਕਿ ਸਾਡੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੂੰ ਆਈ.ਏ.ਐਸ. ਅਤੇ ਆਈ.ਪੀ.ਐਸ. ਦੀ ਕੋਚਿੰਗ ਦੇ ਕੇ ਜੇਕਰ ਉਹਨਾ ਨੂੰ ਸਮਰੱਥ ਬਣਾਇਆ ਜਾਵੇ ਤਾਂ ਪੰਜਾਬ ਦੀ ਕਾਇਆਕਲਪ ਹੋ ਸਕਦੀ ਹੈ, ਕਿਉਂਕਿ ਪਹਿਲਾਂ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਪੰਜਾਬੀ ਨੌਜਵਾਨ ਆਈ.ਏ.ਐਸ. ਅਤੇ ਆਈ.ਪੀ.ਐਸ. ਦੀਆਂ ਕੁਰਸੀਆਂ ’ਤੇ ਬਿਰਾਜਮਾਨ ਹੁੰਦੇ ਸਨ ਪਰ ਅੱਜ ਪੰਜਾਬ ਵਿੱਚ ਦੂਜੇ ਰਾਜਾਂ ਦੇ ਆਈ.ਏ.ਐਸ. ਅਤੇ ਆਈ.ਪੀ.ਐਸ. ਆਦਿਕ ਅਧਿਕਾਰੀਆਂ ਦੀ ਬਹੁਤਾਤ ਹੈ। ਮੈਂ ਆਪਣੇ ਵਲੋਂ ਆਈ.ਏ.ਐਸ. ਅਤੇ ਆਈ.ਪੀ.ਐਸ. ਦੇ ਨਾਲ-ਨਾਲ ਡਾਕਟਰ, ਡਿਫੈਂਸ ਅਫਸਰ, ਆਰਕੀਟੈਕਟ, ਨਾਟਾ, ਕਲੈਟ/ਜੱਜ ਟੇ੍ਰਨਿੰਗ ਸਮੇਤ ਹੋਰ ਬਹੁਤ ਸਾਰੇ ਅਜਿਹੇ ਕੋਰਸ ਕਰਵਾਉਣ ਦੀ ਯੋਜਨਾ ਬਣਾ ਰਿਹਾ ਹਾਂ, ਕਿਉਂਕਿ ਮੇਰਾ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਵਾਲਾ ਕੰਪਲੈਕਸ ਲਗਭਗ 7 ਏਕੜ ਵਿੱਚ ਬਣਿਆ ਹੋਇਆ ਹੈ, ਜਿੱਥੇ ਉਕਤ ਕੋਰਸ ਆਰਾਮ ਨਾਲ ਕਰਵਾਏ ਜਾ ਸਕਦੇ ਹਨ। ਇਹ ਸੰਸਥਾ ਪੰਜਾਬ ਹੀ ਨਹੀਂ, ਬਲਕਿ ਐਨੇ ਖੁੱਲੇ ਚੌੜੇ ਖੇਤਰਫਲ ਵਿੱਚ ਉੱਤਰੀ ਭਾਰਤ ਦੀ ਇਹ ਪਹਿਲੀ ਸੰਸਥਾ ਹੋਵੇਗੀ। ਕਾਲਜ ਦੀਆਂ ਵਿਜਡਮ ਕੋਟਾ ਕਲਾਸਾਂ ਦੇ ਡਾਇਰੈਕਟਰ ਵਿਨੋਦ ਵਰਮਾ ਅਤੇ ਗੁੱਡ ਮੌਰਨਿੰਗ ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਹੈਰਾਨੀ ਪ੍ਰਗਟਾਈ ਕਿ ਅਕਸਰ ਲੋਕ ਬੱਚਿਆਂ ਨੂੰ ਦਸਵੀਂ ਤੋਂ ਬਾਅਦ ਕਿਸੇ ਨਿੱਜੀ ਸਕੂਲ ਵਿੱਚ ਡੰਮੀ ਦਾਖਲਾ ਕਰਵਾ ਕੇ ਨੀਟ ਅਤੇ ਜੇ.ਈ.ਈ. ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੱਡੇ ਸ਼ਹਿਰਾਂ ਵਿੱਚ ਭੇਜ ਦਿੰਦੇ ਹਨ, ਜਿਸ ਨਾਲ ਉਹਨਾ ਦੀ ਪ੍ਰੰਪਰਿਕ ਪੜਾਈ ਅਧੂਰੀ ਰਹਿ ਜਾਣ ਕਾਰਨ ਉਹਨਾ ਨੂੰ ਵਿਸ਼ੇ ਦਾ ਪੂਰਨ ਗਿਆਨ ਨਹੀਂ ਮਿਲਦਾ। ਉਹਨਾਂ ਦਾਅਵਾ ਕੀਤਾ ਕਿ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਵੀ ਦਿੱਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਗੁਰਮੇਲ ਸਿੰਘ ਚਾਹਲ, ਮਾ ਜਸਵੰਤ ਸਿੰਘ, ਸੁਖਬੀਰ ਸਿੰਘ ਬਰਾੜ ਸਮੇਤ ਅਨੇਕਾਂ ਪਤਵੰਤੇ ਹਾਜਰ ਸਨ।