ਔਰਤਾਂ ਨੂੰ ਸਿਹਤ ਸਬੰਧੀ ਕੀਤਾ ਜਾਗਰੂਕ 'ਆਰੋਗਿਆ ਭਾਰਤੀ ਮਹਿਲਾ ਸੰਮੇਲਨ' ਕਰਵਾਇਆ, ਮਹਿਲਾਵਾਂ ਨੂੰ ਸਿਹਤ ਪ੍ਰਤੀ ਕੀਤਾ ਜਾਗਰੂਕ
Publish Date: Sun, 19 Jul 2026 03:53 PM (IST)
Updated Date: Sun, 19 Jul 2026 03:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਮੋਗਾ-ਕੋਟਕਪੂਰਾ ਰੋਡ ਤੇ ਪੰਜਗਰਾਈ ਨੇੜੇ ਸਥਿਤ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਖੇ ਕਰਵਾਏ ਗਏ ਆਰੋਗਿਆ ਭਾਰਤੀ ਮਹਿਲਾ ਸੰਮੇਲਨ ਮੌਕੇ ਕੇਂਦਰੀ ਯੋਗ ਅਤੇ ਕੁਦਰਤੀ ਚਿਕਿਤਸਾ ਅਨੁਸੰਧਾਨ ਪਰਿਸ਼ਦ , ਆਯੁਸ਼ ਮੰਤਰਾਲਾ, ਭਾਰਤ ਸਰਕਾਰ ਦੀ ਡਾਇਰੈਕਟਰ ਡਾ. ਜੋਤੀ ਕੇਸਵਾਨੀ, ਆਰੋਗਿਆ ਭਾਰਤੀ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਸਿਵਲ ਸਰਜਨ ਫਰੀਦਕੋਟ ਡਾ. ਚੰਦਰਸ਼ੇਖਰ, ਡਾ. ਰਵੀ ਬਾਂਸਲ (ਚੰਡੀਗੜ੍ਹ ਹਸਪਤਾਲ, ਕੋਟਕਪੂਰਾ) ਅਤੇ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਸੀਨੀਅਰ ਆਗੂ ਸੁਨੀਤਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਕੂਲ ਪਹੁੰਚਣ ਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਡਾਇਰੈਕਟਰ ਸੀਮਾ ਸ਼ਰਮਾ, ਪ੍ਰਧਾਨ ਵਾਸੂ ਸ਼ਰਮਾ, ਚੇਅਰਪਰਸਨ ਰਕਸ਼ੰਦਾ ਸ਼ਰਮਾ, ਪ੍ਰਿੰਸੀਪਲ ਨੀਲਮ ਅਰੋੜਾ ਅਤੇ ਸਮੂਹ ਅਧਿਆਪਕਾਂ ਵੱਲੋਂ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਉਪਰੰਤ ਆਰੋਗਿਆ ਭਾਰਤੀ ਮਹਿਲਾ ਸੰਮੇਲਨ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਉਨ੍ਹਾਂ ਦੀ ਸਿਹਤ, ਯੋਗ, ਕੁਦਰਤੀ ਼ਚਿਕਿਤਸਾ ਅਤੇ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਪਰਿਵਾਰ ਅਤੇ ਸਮਾਜ ਦੀ ਮਜ਼ਬੂਤ ਸਿਹਤ ਸੰਭਾਲਕ ਵਜੋਂ ਸਸ਼ਕਤ ਬਣਾਉਣਾ ਸੀ। ਪ੍ਰੋਗਰਾਮ ਵਿੱਚ ਕੇਂਦਰੀ ਯੋਗ ਅਤੇ ਕੁਦਰਤੀ ਚਿਕਿਤਸਾ ਅਨੁਸੰਧਾਨ ਪਰਿਸ਼ਦ, ਆਯੁਸ਼ ਮੰਤਰਾਲਾ, ਭਾਰਤ ਸਰਕਾਰ ਦੀ ਡਾਇਰੈਕਟਰ ਡਾ. ਜੋਤੀ ਕੇਸਵਾਨੀ ਨੇ ਮੁੱਖ ਵਕਤਾ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਸਿਹਤਮੰਦ ਮਹਿਲਾ ਹੀ ਸਿਹਤਮੰਦ ਪਰਿਵਾਰ ਅਤੇ ਸਿਹਤਮੰਦ ਸਮਾਜ ਦੀ ਨੀਂਹ ਹੁੰਦੀ ਹੈ। ਜੇਕਰ ਮਹਿਲਾਵਾਂ ਆਪਣੇ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਯੋਗ, ਕੁਦਰਤੀ ਚਿਕਿਤਸਾ, ਸੰਤੁਲਿਤ ਆਹਾਰ ਅਤੇ ਸਕਾਰਾਤਮਕ ਜੀਵਨ ਸ਼ੈਲੀ ਅਪਣਾਉਣ ਤਾਂ ਜੀਵਨ ਸ਼ੈਲੀ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਮਹਿਲਾਵਾਂ ਨੂੰ ਆਪਣੇ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਦੇ ਤੰਦਰੁਸਤ ਰਹਿਣ ਨਾਲ ਪੂਰਾ ਪਰਿਵਾਰ ਸਿਹਤਮੰਦ ਅਤੇ ਖੁਸ਼ਹਾਲ ਰਹਿੰਦਾ ਹੈ। ਉਨ੍ਹਾਂ ਮਹਿਲਾਵਾਂ ਨੂੰ ਤਣਾਅ-ਮੁਕਤ ਜੀਵਨ ਜਿਊਣ, ਨਿਯਮਿਤ ਯੋਗ ਕਰਨ, ਸੰਤੁਲਿਤ ਭੋਜਨ ਅਪਣਾਉਣ ਅਤੇ ਕੁਦਰਤੀ ਚਿਕਿਤਸਾ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਮਹਿਲਾਵਾਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੇ ਸਿਹਤ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜਦਕਿ ਉਨ੍ਹਾਂ ਦਾ ਆਪਣਾ ਸਿਹਤਮੰਦ ਰਹਿਣਾ ਵੀ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦਾ ਸ਼ੁਭ ਆਰੰਭ ਦੀਪ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਸਕੂਲ ਦੀ ਡਾਇਰੈਕਟਰ ਸੀਮਾ ਸ਼ਰਮਾ, ਪ੍ਰਧਾਨ ਵਾਸੂ ਸ਼ਰਮਾ, ਚੇਅਰਪਰਸਨ ਰਕਸ਼ੰਦਾ ਸ਼ਰਮਾ ਅਤੇ ਪ੍ਰਿੰਸੀਪਲ ਨੀਲਮ ਅਰੋੜਾ ਹਾਜ਼ਰ ਸਨ। ਆਰੋਗਿਆ ਭਾਰਤੀ ਮਹਿਲਾ ਸੰਮੇਲਨ ਵਿੱਚ ਆਸ-ਪਾਸ ਦੇ ਇਲਾਕਿਆਂ ਦੀਆਂ ਵੱਡੀ ਗਿਣਤੀ ਵਿੱਚ ਮਹਿਲਾਵਾਂ, ਸਕੂਲ ਦੀਆਂ ਮਹਿਲਾ ਅਧਿਆਪਕਾਵਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਮਹਿਲਾਵਾਂ ਨੇ ਸਿਹਤ, ਪੋਸ਼ਣ, ਯੋਗ ਅਤੇ ਕੁਦਰਤੀ ਚਿਕਿਤਸਾ ਨਾਲ ਸੰਬੰਧਿਤ ਵੱਖ-ਵੱਖ ਸਵਾਲ ਪੁੱਛੇ, ਜਿਨ੍ਹਾਂ ਦੇ ਡਾ. ਜੋਤੀ ਕੇਸਵਾਨੀ ਨੇ ਵਿਗਿਆਨਕ ਅਤੇ ਸਰਲ ਢੰਗ ਨਾਲ ਜਵਾਬ ਦਿੱਤੇ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਡਾ. ਜੋਤੀ ਕੇਸਵਾਨੀ ਦਾ ਸਨਮਾਨ ਕੀਤਾ ਗਿਆ ਅਤੇ ਮਹਿਲਾਵਾਂ ਦੀ ਸਿਹਤ ਅਤੇ ਜਾਗਰੂਕਤਾ ਲਈ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਈ ਗਈ। ਹਾਜ਼ਰ ਮਹਿਲਾਵਾਂ ਨੇ ਯੋਗ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਦਾ ਸੰਕਲਪ ਵੀ ਲਿਆ।