ਫ਼ਰੀਦਕੋਟ ਮਾਡਰਨ ਜੇਲ੍ਹ ’ਚ ਮੁੜ ਮੋਬਾਈਲਾਂ ਦੀ ਖੇਪ, 10 ਹਵਾਲਾਤੀਆਂ ਕੋਲੋਂ 20 ਫੋਨ ਬਰਾਮਦ, ਮਾਮਲਾ ਦਰਜ
ਤਲਾਸ਼ੀ ਦੌਰਾਨ ਕੁੱਲ 20 ਮੋਬਾਈਲ ਫੋਨ ਮਿਲੇ, ਜੋ 10 ਹਵਾਲਾਤੀਆਂ ਦੇ ਕਬਜ਼ੇ ’ਚ ਦੱਸੇ ਜਾ ਰਹੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਜ਼ਿਲ੍ਹਾ ਪੁਲਿਸ ਵੱਲੋਂ ਸਬੰਧਤ 10 ਹਵਾਲਾਤੀਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Publish Date: Fri, 02 Oct 2026 05:05 PM (IST)
Updated Date: Fri, 02 Oct 2026 05:11 PM (IST)
ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਦੀ ਮਾਡਰਨ ਜੇਲ੍ਹ ਇੱਕ ਵਾਰ ਫਿਰ ਅੰਦਰੂਨੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਰਚਾ ’ਚ ਆ ਗਈ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਏ ਗਏ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਵੱਖ-ਵੱਖ ਬੈਰਕਾਂ ’ਚ ਬੰਦ ਹਵਾਲਾਤੀਆਂ ਕੋਲੋਂ ਵੱਡੀ ਗਿਣਤੀ ’ਚ ਮੋਬਾਈਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤਲਾਸ਼ੀ ਦੌਰਾਨ ਕੁੱਲ 20 ਮੋਬਾਈਲ ਫੋਨ ਮਿਲੇ, ਜੋ 10 ਹਵਾਲਾਤੀਆਂ ਦੇ ਕਬਜ਼ੇ ’ਚ ਦੱਸੇ ਜਾ ਰਹੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਜ਼ਿਲ੍ਹਾ ਪੁਲਿਸ ਵੱਲੋਂ ਸਬੰਧਤ 10 ਹਵਾਲਾਤੀਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਅੰਦਰ ਪਾਬੰਦੀਸ਼ੁਦਾ ਵਸਤੂਆਂ ਦੀ ਮੌਜੂਦਗੀ ਨੂੰ ਲੈ ਕੇ ਸਮੇਂ-ਸਮੇਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਇਸੇ ਕੜੀ ਤਹਿਤ ਵੱਖ-ਵੱਖ ਬੈਰਕਾਂ ਦੀ ਜਾਂਚ ਕੀਤੀ ਗਈ ਤਾਂ ਤਲਾਸ਼ੀ ਟੀਮ ਨੂੰ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਏ। ਇੱਕੋ ਕਾਰਵਾਈ ਦੌਰਾਨ 20 ਮੋਬਾਈਲ ਫੋਨ ਮਿਲਣ ਨਾਲ ਜੇਲ੍ਹ ਅੰਦਰ ਮੋਬਾਈਲਾਂ ਦੀ ਪਹੁੰਚ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ।
ਫ਼ਰੀਦਕੋਟ ਮਾਡਰਨ ਜੇਲ੍ਹ ਵਿੱਚੋਂ ਪਾਬੰਦੀਸ਼ੁਦਾ ਸਮਾਨ ਮਿਲਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਮਿਆਂ ਦੌਰਾਨ ਜੇਲ੍ਹ ਅੰਦਰੋਂ ਮੋਬਾਈਲ ਫੋਨ, ਨਸ਼ੀਲੇ ਪਦਾਰਥ, ਬੀੜੀਆਂ, ਸਿਗਰਟਾਂ ਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਲਗਾਤਾਰ ਸਾਹਮਣੇ ਆ ਰਹੇ ਅਜਿਹੇ ਮਾਮਲਿਆਂ ਕਾਰਨ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਤੇ ਪਾਬੰਦੀਸ਼ੁਦਾ ਸਮਾਨ ਅੰਦਰ ਪਹੁੰਚਣ ਦੇ ਸਰੋਤ ਨੂੰ ਲੈ ਕੇ ਜਾਂਚ ਦੀ ਲੋੜ ਹੋਰ ਵਧ ਗਈ ਹੈ।
ਪੁਲਿਸ ਵੱਲੋਂ ਹੁਣ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮੋਬਾਈਲ ਫੋਨ ਹਵਾਲਾਤੀਆਂ ਤੱਕ ਕਿਸ ਤਰੀਕੇ ਨਾਲ ਪਹੁੰਚੇ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜੇਲ੍ਹ ਦੇ ਬਾਹਰੋਂ ਕਿਸੇ ਵਿਅਕਤੀ ਵੱਲੋਂ ਇਹ ਸਮਾਨ ਪਹੁੰਚਾਇਆ ਗਿਆ ਜਾਂ ਇਸ ਪਿੱਛੇ ਕੋਈ ਹੋਰ ਕੜੀ ਕੰਮ ਕਰ ਰਹੀ ਸੀ।
ਇਸ ਸਬੰਧੀ ਡੀਐਸਪੀ ਅਵਤਾਰ ਰਾਜਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਹੈ ਕਿ ਜੇਲ੍ਹ ਅੰਦਰ ਬੰਦ ਹਵਾਲਾਤੀਆਂ ਕੋਲ ਪਾਬੰਦੀਸ਼ੁਦਾ ਸਮਾਨ ਕਿਵੇਂ ਪਹੁੰਚ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਜਾਂਚ ਦੌਰਾਨ ਕਿਸੇ ਜੇਲ੍ਹ ਮੁਲਾਜ਼ਮ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
20 ਮੋਬਾਈਲ ਫੋਨਾਂ ਦੀ ਬਰਾਮਦਗੀ ਤੋਂ ਬਾਅਦ ਹੁਣ ਪੁਲਿਸ ਦੀ ਜਾਂਚ ਇਸ ਗੱਲ ’ਤੇ ਕੇਂਦਰਿਤ ਹੈ ਕਿ ਜੇਲ੍ਹ ਦੀਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਇਹ ਫੋਨ ਅੰਦਰ ਤੱਕ ਕਿਵੇਂ ਪਹੁੰਚੇ। ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਪਿੱਛੇ ਕੰਮ ਕਰ ਰਹੀ ਪੂਰੀ ਕੜੀ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆਉਣ ਦੀ ਉਮੀਦ ਹੈ।