- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖਤਾ ਦੀ ਸੇਵਾ ਵੱਲ ਇੱਕ ਹੋਰ ਕਦਮ *ਆਪਣਾ ਘਰ ਆਸ਼ਰਮ* ਨੇ ਲਾਵਾਰਸ ਮਰੀਜ਼ ਨੂੰ ਦਿੱਤਾ ਆਸਰਾ- ਕੇਵਲ ਕ੍ਰਿਸ਼ਨ ਕਟਾਰੀਆ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ‘ਆਪਣਾ ਘਰ ਆਸ਼ਰਮ, ਗੀਤਾ ਭਵਨ ਫਰੀਦਕੋਟ’ ਵੱਲੋਂ ਲਾਵਾਰਸ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਲਗਾਤਾਰ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸੰਸਥਾ ਦੀ ਸੋਚ ਹੈ ਕਿ ਕੋਈ ਵੀ ਇਨਸਾਨ ਕਿਸੇ ਵੀ ਜਾਤ ਜਾਂ ਧਰਮ ਨਾਲ ਸਬੰਧਤ ਹੋਵੇ, ਉਹ ਲਾਵਾਰਸ ਜਾਂ ਲਾਚਾਰ ਹਾਲਤ ਵਿੱਚ ਸੜਕਾਂ ਜਾਂ ਹੋਰ ਜਨਤਕ ਥਾਵਾਂ ’ਤੇ ਪਿਆ ਨਾ ਰਹੇ, ਭੁੱਖਾ ਨਾ ਰਹੇ ਅਤੇ ਇਲਾਜ ਤੋਂ ਵਾਂਝਾ ਨਾ ਰਹੇ। ਇਸੇ ਸੋਚ ਤਹਿਤ ਮੈਡੀਕਲ ਕਾਲਜ ਫਰੀਦਕੋਟ ਦੇ ਹੱਡੀਆਂ ਦੇ ਵਿਭਾਗ ਵਿੱਚ ਜੇਰੇ ਇਲਾਜ ਇੱਕ ਲਾਵਾਰਸ ਵਿਅਕਤੀ ਨੂੰ ਡਾ. ਕਪਲ ਬਾਂਸਲ, ਮੁਖੀ ਹੱਡੀਆਂ ਵਿਭਾਗ, ਦੀ ਸੂਚਨਾ ’ਤੇ ਰੈਸਕਿਊ ਕਰਕੇ ਕਾਨੂੰਨੀ ਕਾਰਵਾਈ ਉਪਰੰਤ ‘ਆਪਣਾ ਘਰ ਆਸ਼ਰਮ’ ਵਿਖੇ ਲਿਆਂਦਾ ਗਿਆ। ਆਸ਼ਰਮ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਟਾਰੀਆ ਨੇ ਦੱਸਿਆ ਕਿ ਡਾ. ਬਾਂਸਲ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ‘ਪ੍ਰਭੂ ਜੀ’ ਨਾਮ ਨਾਲ ਜਾਣੇ ਜਾ ਰਹੇ ਇਸ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਇੱਕ ਐਂਬੂਲੈਂਸ ਵੱਲੋਂ ਫਿਰੋਜ਼ਪੁਰ ਤੋਂ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੂਲਾ ਟੁੱਟਣ ਕਾਰਨ ਦਾਖਲ ਕਰਵਾਇਆ ਗਿਆ ਸੀ। ਵਿਅਕਤੀ ਬੋਲਣ ਤੋਂ ਵੀ ਅਸਮਰੱਥ ਹੈ ਅਤੇ ਡਾਕਟਰਾਂ ਦੀ ਟੀਮ ਵੱਲੋਂ ਉਸ ਦਾ ਆਪਰੇਸ਼ਨ ਕੀਤਾ ਜਾ ਚੁੱਕਾ ਹੈ। ਹੁਣ ਉਸ ਨੂੰ ਇਲਾਜ ਦੇ ਨਾਲ-ਨਾਲ ਪੂਰੀ ਦੇਖਭਾਲ ਅਤੇ ਆਪਣੇਪਣ ਦੀ ਲੋੜ ਹੈ। ਆਸ਼ਰਮ ਦੇ ਖਜ਼ਾਨਚੀ ਨਰੇਸ਼ ਗਰੋਵਰ ਨੇ ਦੱਸਿਆ ਕਿ ਆਸ਼ਰਮ ਵੱਲੋਂ ਇਸ ਵਿਅਕਤੀ ਨੂੰ ਰੋਟੀ, ਕੱਪੜਾ ਅਤੇ ਰਹਿਣ ਲਈ ਥਾਂ ਦੇ ਨਾਲ-ਨਾਲ ਦਵਾਈਆਂ ਅਤੇ ਲੋੜੀਂਦੀ ਦੇਖਭਾਲ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਨੂੰ ਜਾਣਦਾ-ਪਛਾਣਦਾ ਹੈ ਜਾਂ ਇਸ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਰੱਖਦਾ ਹੈ ਤਾਂ ਆਸ਼ਰਮ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਉਸ ਨੂੰ ਉਸ ਦੇ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ।