- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਵਿਸ਼ਵ ਓਜ਼ੋਨ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ : ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਪੂਜਾ ਭੱਲਾ ਦੀ ਅਗਵਾਈ ਹੇਠ ਭੂਗੋਲ ਵਿਭਾਗ ਵੱਲੋਂ ਵਿਸ਼ਵ ਓਜ਼ੋਨ ਦਿਵਸ ਮੌਕੇ ਵਿਦਿਆਰਥੀਆਂ ਨੂੰ ਓਜ਼ੋਨ ਪਰਤ ਦੀ ਮਹੱਤਤਾ ਅਤੇ ਇਸ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਅਰਮਿੰਦਰ ਸਿੰਘ ਵੱਲੋਂ ਜੀ ਆਇਆਂ ਦੇ ਸ਼ਬਦਾਂ ਨਾਲ ਕੀਤੀ ਗਈ। ਉਨ੍ਹਾਂ ਵੱਲੋਂ ਪ੍ਰੋਗਰਾਮ ਵਿੱਚ ਹਾਜ਼ਰ ਪ੍ਰੋਫ਼ੈਸਰ ਸਾਹਿਬਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਭਾਸ਼ਣ ਪ੍ਰਤੀਯੋਗਿਤਾ, ਪੋਸਟਰ ਮੇਕਿੰਗ ਅਤੇ ਸਲੋਗਨ ਲੇਖਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 30 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਵੱਲੋਂ ਓਜ਼ੋਨ ਪਰਤ ਦੀ ਸੁਰੱਖਿਆ, ਵਾਤਾਵਰਣ ਸੰਭਾਲ ਅਤੇ ਜਲਵਾਯੂ ਪਰਿਵਰਤਨ ਨਾਲ ਸਬੰਧਤ ਵਿਸ਼ਿਆਂ ’ਤੇ ਆਪਣੀ ਰਚਨਾਤਮਕਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪ੍ਰੋ. ਗੁਰਲਾਲ ਸਿੰਘ, ਭੂਗੋਲ ਵਿਭਾਗ ਵੱਲੋਂ ਵਿਸ਼ਵ ਓਜ਼ੋਨ ਦਿਵਸ ਦੀ ਇਤਿਹਾਸਕ ਅਤੇ ਵਾਤਾਵਰਣਕ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਓਜ਼ੋਨ ਪਰਤ ਵੱਲੋਂ ਸੂਰਜ ਦੀਆਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਤੋਂ ਧਰਤੀ ’ਤੇ ਜੀਵਨ ਦੀ ਰੱਖਿਆ ਵਿੱਚ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਅਤੇ ਓਜ਼ੋਨ ਪਰਤ ਦੀ ਸੁਰੱਖਿਆ ਲਈ ਵਿਸ਼ਵ ਪੱਧਰ ’ਤੇ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਚਾਨਣਾ ਪਾਇਆ। ਪ੍ਰੋਗਰਾਮ ਦੌਰਾਨ ਪ੍ਰੋ. ਮਨਿੰਦਰ ਕੌਰ ਵਿਰਕ ਵੱਲੋਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਗਈ, ਜਦਕਿ ਡਾ. ਦੀਪਾ ਗੋਇਲ ਵੱਲੋਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਨਿਭਾਈ ਗਈ। ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਪੂਜਾ ਭੱਲਾ ਵੱਲੋਂ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਗਈ ਅਤੇ ਵਾਤਾਵਰਣ ਸੁਰੱਖਿਆ ਸਬੰਧੀ ਜਾਗਰੂਕਤਾ ਗਤੀਵਿਧੀਆਂ ਨੂੰ ਵਿਦਿਆਰਥੀਆਂ ਦੀ ਸਿੱਖਿਆ ਦਾ ਮਹੱਤਵਪੂਰਨ ਹਿੱਸਾ ਦੱਸਿਆ ਗਿਆ। ਪ੍ਰੋਗਰਾਮ ਵਿੱਚ ਭੂਗੋਲ ਵਿਭਾਗ ਦੇ ਕਰੀਬ 100 ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਵਿਦਿਆਰਥੀਆਂ ਵੱਲੋਂ ਪ੍ਰੋਗਰਾਮ ਵਿੱਚ ਸਰਗਰਮ ਅਤੇ ਉਤਸ਼ਾਹਪੂਰਵਕ ਭਾਗ ਲਿਆ ਗਿਆ। ਅੰਤ ਵਿੱਚ ਪ੍ਰੋ. ਨਵਦੀਪ ਸਿੰਘ ਵੱਲੋਂ ਧੰਨਵਾਦੀ ਸ਼ਬਦ ਪੇਸ਼ ਕੀਤੇ ਗਏ। ਉਨ੍ਹਾਂ ਵੱਲੋਂ ਕਾਲਜ ਪ੍ਰਿੰਸੀਪਲ, ਪ੍ਰੋਫ਼ੈਸਰ ਸਾਹਿਬਾਨਾਂ, ਜੱਜ ਅਤੇ ਸਮੂਹ ਵਿਦਿਆਰਥੀਆਂ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ।