- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫ਼ਰੀਦਕੋਟ ਵੱਲੋਂ ਪੰਜਾਬ ਦੇ 28 ਮੈਡੀਕਲ ਤੇ ਡੈਂਟਲ ਕਾਲਜਾਂ ’ਚ 2026 ਸੈਸ਼ਨ ਲਈ ਐੱਨਆਰਆਈ ਕੋਟੇ ਅਧੀਨ ਰਾਖਵੀਆਂ ਐੱਮਬੀਬੀਐੱਸ ਦੀਆਂ 214 ਤੇ ਬੀਡੀਐੱਸ ਦੀਆਂ 217 ਸੀਟਾਂ ਦੀ ਸੀਟ ਅਲਾਟਮੈਂਟ ਪ੍ਰਕਿਰਿਆ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।

ਸ਼ਰਮਾ/ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫ਼ਰੀਦਕੋਟ ਵੱਲੋਂ ਪੰਜਾਬ ਦੇ 28 ਮੈਡੀਕਲ ਤੇ ਡੈਂਟਲ ਕਾਲਜਾਂ ’ਚ 2026 ਸੈਸ਼ਨ ਲਈ ਐੱਨਆਰਆਈ ਕੋਟੇ ਅਧੀਨ ਰਾਖਵੀਆਂ ਐੱਮਬੀਬੀਐੱਸ ਦੀਆਂ 214 ਤੇ ਬੀਡੀਐੱਸ ਦੀਆਂ 217 ਸੀਟਾਂ ਦੀ ਸੀਟ ਅਲਾਟਮੈਂਟ ਪ੍ਰਕਿਰਿਆ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਇਹ ਫੈਸਲਾ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਦਾਖ਼ਲਾ ਪ੍ਰਕਿਰਿਆ ਨੂੰ ਲੈ ਕੇ ਪੈਂਡਿੰਗ ਇਕ ਪਟੀਸ਼ਨ ਕਾਰਨ ਲਿਆ ਗਿਆ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਅਨੁਸਾਰ ਐੱਨਆਰਆਈ ਕੋਟੇ ਦੀਆਂ ਸੀਟਾਂ ਦੀ ਅਗਲੀ ਅਲਾਟਮੈਂਟ ਪ੍ਰਕਿਰਿਆ ਹਾਈਕੋਰਟ ਦੇ ਹੁਕਮਾਂ ਤੇ ਮਾਮਲੇ ਦੇ ਅੰਤਿਮ ਨਤੀਜੇ ਅਨੁਸਾਰ ਹੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪਹਿਲੇ ਰਾਊਂਡ ਦੀ ਕਾਊਂਸਲਿੰਗ ਦੌਰਾਨ ਐੱਨਆਰਆਈ ਕੋਟੇ ਅਧੀਨ 47 ਐੱਮਬੀਬੀਐੱਸ ਤੇ 3 ਬੀਡੀਐੱਸ ਸੀਟਾਂ ਅਲਾਟ ਕੀਤੀਆਂ ਜਾ ਚੁੱਕੀਆਂ ਸਨ।
ਇਹ ਮਾਮਲਾ ਇਕ ਉਮੀਦਵਾਰ ਵੱਲੋਂ ਹਾਈਕੋਰਟ ’ਚ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਸਾਹਮਣੇ ਆਇਆ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਦੀ ਭੈਣ (ਭੂਆ), ਜੋ ਅਮਰੀਕਾ ਦੀ ਨਾਗਰਿਕ ਹੈ, ਵੱਲੋਂ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਸਰਟੀਫਿਕੇਟ ਤੇ ਹਲਫਨਾਮਾ ਜਮ੍ਹਾਂ ਕਰਵਾਉਣ ਦੇ ਬਾਵਜੂਦ ਯੂਨੀਵਰਸਿਟੀ ਨੇ ਉਸ ਨੂੰ ਐੱਨਆਰਆਈ ਕੋਟੇ ਤਹਿਤ ਯੋਗ ਮੰਨਣ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨਕਰਤਾ ਨੇ ਯੂਨੀਵਰਸਿਟੀ ਦੇ ਪ੍ਰਾਸਪੈਕਟਸ ਤੇ 27 ਮਈ ਦੇ ਨੋਟਿਸ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਨਿਰਧਾਰਿਤ ਐੱਨਆਰਆਈ ਰਿਸ਼ਤੇਦਾਰਾਂ ਵੱਲੋਂ ਲਾਲਨ-ਪਾਲਨ ਕੀਤੇ ਗਏ ਉਮੀਦਵਾਰਾਂ ਨੂੰ ਵੀ ਕੋਟੇ ਤਹਿਤ ਵਿਚਾਰਯੋਗ ਮੰਨਿਆ ਗਿਆ ਹੈ।
63 ਸੀਟਾਂ ਲਈ ਹੀ ਮਿਲੀਆਂ ਸਨ ਅਰਜ਼ੀਆਂ
7 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਹਾਈਕੋਰਟ ਨੂੰ ਦੱਸਿਆ ਗਿਆ ਕਿ ਐੱਨਆਰਆਈ ਉਮੀਦਵਾਰਾਂ ਲਈ ਰਾਖਵੀਆਂ 214 ਐੱਮਬੀਬੀਐੱਸ ਸੀਟਾਂ ਦੇ ਮੁਕਾਬਲੇ ਸਿਰਫ਼ 63 ਅਰਜ਼ੀਆਂ ਹੀ ਪ੍ਰਾਪਤ ਹੋਈਆਂ ਹਨ। ਅਰਜ਼ੀਆਂ ਦੀ ਘੱਟ ਗਿਣਤੀ ਨੂੰ ਦੇਖਦਿਆਂ ਹਾਈਕੋਰਟ ਨੇ ਯੂਨੀਵਰਸਿਟੀ ਨੂੰ ਇਸ ਸਬੰਧੀ ਫੈਸਲਾ ਲੈਣ ਤੇ ਇਹ ਸਪੱਸ਼ਟ ਕਰਨ ਦੇ ਨਿਰਦੇਸ਼ ਦਿੱਤੇ ਕਿ ਖਾਲੀ ਰਹਿ ਜਾਣ ਵਾਲੀਆਂ ਸੀਟਾਂ ’ਤੇ ਇਨ੍ਹਾਂ ਉਮੀਦਵਾਰਾਂ ਨੂੰ ਦਾਖ਼ਲਾ ਦਿੱਤਾ ਜਾ ਸਕਦਾ ਹੈ ਜਾਂ ਨਹੀਂ। ਇਸ ਤੋਂ ਬਾਅਦ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਐੱਨਆਰਆਈ ਕੋਟੇ ਦੀ ਕਾਊਂਸਲਿੰਗ ਤੇ ਦਾਖ਼ਲਾ ਪ੍ਰਕਿਰਿਆ ਨੂੰ ਹਾਈਕੋਰਟ ਦੇ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਹੁਣ ਇਨ੍ਹਾਂ ਸੀਟਾਂ ਸਬੰਧੀ ਅਗਲੀ ਕਾਰਵਾਈ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਹੀ ਕੀਤੇ ਜਾਣ ਦੀ ਸੰਭਾਵਨਾ ਹੈ।