- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲਾਇੰਸ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਪ੍ਰੀਖਿਆ ’ਚ ਮਾਰੀ ਬਾਜ਼ੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਅਲਾਇੰਸ ਇੰਟਰਨੈਸ਼ਨਲ ਸਕੂਲ, ਜੈਤੋ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਵਿੱਚ ਕਰਵਾਈ ਗਈ ਨੈਤਿਕ ਸਿੱਖਿਆ ਪ੍ਰੀਖਿਆ ਦੇ ਵੱਖ-ਵੱਖ ਪੇਪਰਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ, ਇਮਾਨਦਾਰੀ, ਜ਼ਿੰਮੇਵਾਰੀ ਅਤੇ ਚੰਗੇ ਵਿਹਾਰ ਸਬੰਧੀ ਆਪਣੀ ਸਮਝ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੇਪਰ-1 ਦੇ ਨਤੀਜਿਆਂ ਵਿੱਚ ਜਮਾਤ ਚੌਥੀ ਦੇ ਵਿਦਿਆਰਥੀ ਜਸਕੀਰਤ ਅਤੇ ਸਤਿਅਮ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਇਸੇ ਜਮਾਤ ਦੇ ਵੰਸ਼ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੇਪਰ-2 ਵਿੱਚ ਮਨਕਰਨ ਸਿੰਘ (ਜਮਾਤ ਛੇਵੀਂ), ਮਨਸੀਰਤ ਕੌਰ (ਜਮਾਤ ਸੱਤਵੀਂ) ਅਤੇ ਨਿਮਰਿਤ ਕੌਰ (ਜਮਾਤ ਅੱਠਵੀਂ) ਨੇ ਮੈਰਿਟ ਸੂਚੀ ਵਿੱਚ ਸਥਾਨ ਬਣਾਇਆ। ਸਕੂਲ ਦੀ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਸਫਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੈਤਿਕ ਸਿੱਖਿਆ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਦੇ ਨਾਲ-ਨਾਲ ਉਨ੍ਹਾਂ ਵਿੱਚ ਇਮਾਨਦਾਰੀ, ਸਤਿਕਾਰ, ਸਹਿਯੋਗ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਮਿਹਨਤ ਕਰਨ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਕਸਦ ਕੇਵਲ ਅਕਾਦਮਿਕ ਗਿਆਨ ਹਾਸਲ ਕਰਨਾ ਨਹੀਂ, ਸਗੋਂ ਚੰਗੇ ਚਰਿੱਤਰ ਅਤੇ ਜ਼ਿੰਮੇਵਾਰ ਨਾਗਰਿਕਤਾ ਦਾ ਨਿਰਮਾਣ ਕਰਨਾ ਵੀ ਹੈ।