ਲੀਗਲ ਏਡ ਸਿਸਟਮ ਖ਼ਿਲਾਫ਼ ਆਰ-ਪਾਰ ਦੀ ਲੜਾਈ, ਵਕੀਲ ਭੁੱਖ ਹੜਤਾਲ ’ਤੇ ਲੀਗਲ ਏਡ ਸਿਸਟਮ ਖ਼ਿਲਾਫ਼ ਆਰ—ਪਾਰ ਦੀ ਲੜਾਈ: ਵਕੀਲ ਭੁੱਖ ਹੜਤਾਲ ਤੇ,
Publish Date: Tue, 21 Jul 2026 05:25 PM (IST)
Updated Date: Wed, 22 Jul 2026 04:05 AM (IST)
ਕਾਨੂੰਨ ਦਾ ਹੱਕ ਦਿਵਾਉਣ ਵਾਲੇ ਅੱਜ ਆਪਣੇ ਹੱਕ ਲਈ ਸੜਕਾਂ ’ਤੇ ਰੋਸ ਵਜੋਂ ਕੱਲ ਕੱਢਿਆ ਜਾਵੇਗਾ ਵਿਸ਼ਾਲ ਰੋਡ ਸ਼ੋਅ ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫ਼ਰੀਦਕੋਟ : ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਜਗਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਵਕੀਲਾਂ ਦਾ ਧਰਨਾ ਮੰਗਲਵਾਰ ਨੂੰ 14ਵੇਂ ਦਿਨ ਵਿੱਚ ਦਾਖਲ ਹੋ ਗਿਆ। ਧਰਨੇ ਦੌਰਾਨ ਵਕੀਲਾਂ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਕਿ ਜਦੋਂ ਤੱਕ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਵਿਵਸਥਾ ਆਜ਼ਾਦ ਵਕਾਲਤ ਪੇਸ਼ੇ ਅਤੇ ਨਿਆਇਕ ਪ੍ਰਣਾਲੀ ਦੇ ਹਿੱਤਾਂ ਦੇ ਉਲਟ ਹੈ। ਇਸ ਲਈ ਬਾਰ ਐਸੋਸੀਏਸ਼ਨ ਇਸ ਦੇ ਵਿਰੋਧ ਵਿੱਚ ਇੱਕਜੁੱਟ ਹੋ ਕੇ ਅੰਦੋਲਨ ਚਲਾ ਰਹੀ ਹੈ। ਬਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਬੁੱਧਵਾਰ ਨੂੰ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਸ਼ਹਿਰ ਵਿੱਚ ਇੱਕ ਵਿਸ਼ਾਲ ਵਾਹਨ ਰੋਸ ਮਾਰਚ (ਰੋਡ ਸ਼ੋਅ) ਕੱਢਿਆ ਜਾਵੇਗਾ। ਇਸ ਦੌਰਾਨ ਵੱਡੀ ਗਿਣਤੀ ’ਚ ਵਕੀਲ ਆਪਣੀਆਂ ਕਾਰਾਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਲੰਘਣਗੇ ਤੇ ਇਸ ਸਿਸਟਮ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣਗੇ। ਅੱਜ ਇਸ ਹੜਤਾਲ ਨੂੰ ਜਿਲ੍ਹਾ ਟੈਕਸ ਐਸੋਸੀਏਸ਼ਨ ਨੇ ਵੀ ਆਪਣਾ ਸਮਰਥਨ ਦਿੱਤਾ, ਟੈਕਸ ਐਸੋਸੀਏਸ਼ਨ ਦੇ ਜਿਲ੍ਰਾ ਪ੍ਰਧਾਨ ਵਿਨੈ ਗੁਪਤਾ, ਅਵੰਤਾ ਜੈਨ, ਲਲਿਤ ਗੁਪਤਾ, ਕਸਿ਼ਸ ਜੈਨ, ਵਰੁਣ ਮੁਖੀਜਾ ਅਤੇ ਹੋਰ ਕਈ ਵਕੀਲ ਸ਼ਾਮਲ ਹੋਏ। ਅੱਜ ਦੀ ਭੁੱਖ ਹੜਤਾਲ ਵਿੱਚ 13 ਵਕੀਲ ਸ਼ਾਮਲ ਹੋਏ, ਜਿਨ੍ਹਾਂ ’ਚ ਐਡਵੋਕੇਟ ਮਹੀਪ ਇੰਦਰ ਸਿੰਘ ਸੇਖੋਂ, ਨਰਿੰਦਰ ਕੌਰ ਭੁੱਲਰ, ਜੀਵਨਜੋਤ ਕੌਰ, ਗੁਰਜੀਤ ਸਿੰਘ, ਮਨੀਸ਼ਾ, ਮੁਸਕਾਨ, ਸੁਖਦੀਪ ਸਿੰਘ, ਜਤਿੰਦਰ ਮੜ੍ਹੀਆ, ਅਮਨਪ੍ਰੀਤ ਕੌਰ, ਵਰਸ਼ਾ ਰਾਣੀ, ਅਕਾਲਜੋਤ ਸਿੰਘ, ਹਰਮੋਹਨ ਸਿੰਘ ਅਤੇ ਮੁਨਸ਼ੀ ਯੂਨੀਅਨ ਦੇ ਜਗਜੀਵਨ ਸਿੰਘ ਸਨ। ਇਸ ਦੌਰਾਨ ਧਰਨੇ ਨੂੰ ਸੀਨੀਅਰ ਐਡਵੋਕੇਟ ਬਿਕਰਜੀਤ ਸਿੰਘ ਬਰਾੜ, ਗੁਰਪ੍ਰੀਤ ਚੌਹਾਨ, ਜਤਿੰਦਰ ਖੋਸਾ, ਨਵਜੋਤ ਸਿੰਘ ਵੈਹਣੀਵਾਲ, ਵਿਪਨ ਤਾਇਲ, ਸਰਨਾਮ ਸਿੰਘ ਸੰਧੂ, ਮਹੀਪ ਇੰਦਰ ਸੇਖੋਂ, ਸਿਮਰ ਵਿਜੈ ਵਰਮਾਂ, ਸੁਨੀਲ ਚਾਵਲਾ, ਜੋਗਿੰਦਰ ਸਿੰਘ ਬਰਾੜ, ਓਮਾ ਸ਼ੰਕਰ ਸ਼ਰਮਾਂ, ਸੰਜੀਵ ਦਿਉੜਾ, ਟੈਕਸ ਐਸੋਸੀਏਸ਼ਨ ਮੈਂਬਰ ਲਲਿਤ ਗੁਪਤਾ ਤੋਂ ਇਲਾਵਾ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ਵਿੱਚ ਵਿਸ਼ੇਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੌਰਵ ਕੱਕੜ ਪਹੁੰਚੇ ਜਿਨ੍ਹਾਂ ਨੇ ਵਕੀਲਾਂ ਦੀ ਮੰਗ ਨੂੰ ਭਾਰਤ ਸਰਕਾਰ ਅਤੇ ਲਾਅ ਮਨਿਸਟਰ ਤੱਕ ਪਹੁੰਚਾਉਣ ਦੀ ਹਮਾਇਤ ਕੀਤੀ।