ਫਰੀਦਕੋਟ 'ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁੱਠਭੇੜ, ਬਠਿੰਡਾ ਤੋਂ ਚੋਰੀ ਹੋਈ ਪਿਕਅੱਪ ਬਰਾਮਦ ਕਰਨ ਗਈ ਟੀਮ 'ਤੇ ਹਮਲਾ; ਮੁਲਜ਼ਮ ਜ਼ਖ਼ਮੀ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਤੋਂ ਇੱਕ ਪਿਕਅਪ ਗੱਡੀ ਚੋਰੀ ਕੀਤੀ ਗਈ ਸੀ, ਜਿਸ ਨੂੰ ਫੋਂਡਾ ਸਿਟੀ ਕਾਰ ਨਾਲ ਟੋਅ ਕਰਕੇ ਫਰੀਦਕੋਟ ਲਿਆਂਦਾ ਜਾ ਰਿਹਾ ਸੀ। ਗੱਡੀ ਚੋਰੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬਠਿੰਡਾ ਪੁਲਿਸ ਦੇ ਏ.ਐੱਸ.ਆਈ. ਸੁਖਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੱਡੀ ਵਿੱਚ ਜੀਪੀਐਸ ਸਿਸਟਮ ਲੱਗਿਆ ਹੋਣ ਕਾਰਨ ਪੁਲਿਸ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਲੱਗਦਾ ਰਿਹਾ।
Publish Date: Sun, 11 Oct 2026 12:53 PM (IST)
Updated Date: Sun, 11 Oct 2026 12:58 PM (IST)
ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ। ਫਰੀਦਕੋਟ ’ਚ ਬਠਿੰਡਾ ਤੋਂ ਚੋਰੀ ਕੀਤੀ ਗਈ ਪਿਕਅਪ ਗੱਡੀ ਬਰਾਮਦ ਕਰਨ ਦੌਰਾਨ ਪੁਲਿਸ ਅਤੇ ਮੁਲਜ਼ਮ ਵਿਚਕਾਰ ਮੁਕਾਬਲੇ ਵਰਗੀ ਸਥਿਤੀ ਬਣ ਗਈ। ਪੁਲਿਸ ਪਾਰਟੀ ਵੱਲੋਂ ਗੱਡੀ ਚੋਰੀ ਕਰਨ ਦੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਕਥਿਤ ਤੌਰ ’ਤੇ ਆਪਣੀ ਪਿਸਤੌਲ ਨਾਲ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ।
ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦਾ ਬਚਾਅ ਰਿਹਾ, ਜਦਕਿ ਗੋਲੀ ਲੱਗਣ ਕਾਰਨ ਮੁਲਜ਼ਮ ਖ਼ੁਦ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਮੁਲਜ਼ਮ ਦੀ ਪਛਾਣ ਗੁਰੂ ਹਰਸਹਾਏ ਦੇ ਰਹਿਣ ਵਾਲੇ ਰਮਨ ਕੁਮਾਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਤੋਂ ਇੱਕ ਪਿਕਅਪ ਗੱਡੀ ਚੋਰੀ ਕੀਤੀ ਗਈ ਸੀ, ਜਿਸ ਨੂੰ ਫੋਂਡਾ ਸਿਟੀ ਕਾਰ ਨਾਲ ਟੋਅ ਕਰਕੇ ਫਰੀਦਕੋਟ ਲਿਆਂਦਾ ਜਾ ਰਿਹਾ ਸੀ। ਗੱਡੀ ਚੋਰੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬਠਿੰਡਾ ਪੁਲਿਸ ਦੇ ਏ.ਐੱਸ.ਆਈ. ਸੁਖਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੱਡੀ ਵਿੱਚ ਜੀਪੀਐਸ ਸਿਸਟਮ ਲੱਗਿਆ ਹੋਣ ਕਾਰਨ ਪੁਲਿਸ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਲੱਗਦਾ ਰਿਹਾ।
ਪਿੱਛਾ ਕਰਦਿਆਂ ਪੁਲਿਸ ਪਾਰਟੀ ਫਰੀਦਕੋਟ ਪਹੁੰਚੀ, ਜਿੱਥੇ ਤਲਵੰਡੀ ਰੋਡ ਤੋਂ ਚੋਰੀ ਕੀਤੀ ਗਈ ਪਿਕਅਪ ਗੱਡੀ ਬਰਾਮਦ ਕਰ ਲਈ ਗਈ। ਇਸ ਦੌਰਾਨ ਜਦੋਂ ਪੁਲਿਸ ਨੇ ਗੱਡੀ ਚੋਰੀ ਕਰਨ ਦੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਥਿਤ ਤੌਰ ’ਤੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਚੱਲੀ ਗੋਲੀ ਉਸ ਦੇ ਆਪਣੇ ਪੈਰ ਵਿੱਚ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਚੋਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਜੀਪੀਐਸ ਦੀ ਮਦਦ ਨਾਲ ਗੱਡੀ ਦਾ ਪਿੱਛਾ ਕੀਤਾ ਅਤੇ ਫਰੀਦਕੋਟ ਪਹੁੰਚ ਕੇ ਇਸ ਨੂੰ ਬਰਾਮਦ ਕਰ ਲਿਆ।
ਇਸ ਮਾਮਲੇ ਸਬੰਧੀ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਠਿੰਡਾ ਦੇ ਏਐਸਆਈ ਸੁਖਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਜ਼ਖ਼ਮੀ ਮੁਲਜ਼ਮ ਰਮਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਨਾਲ ਕੁਝ ਹੋਰ ਵਿਅਕਤੀ ਵੀ ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ ਕਰਨ ਲਈ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।