‘YouWeCan’ ਫਾਊਂਡੇਸ਼ਨ ਰਾਹੀਂ ਯੁਵਰਾਜ ਸਿੰਘ ਦਾ ਵੱਡਾ ਕਦਮ, ਹੁਣ ਕੈਂਸਰ ਦਾ ਖ਼ਤਮ ਕਰਨਗੇ ਚੈਂਪੀਅਨ ਯੁਵੀ ਜ਼ਮੀਨੀ ਪੱਧਰ 'ਤੇ ਕੈਂਸਰ ਦੀ ਸਕ੍ਰੀਨਿੰਗ ਅਤੇ ਸ਼ੁਰੂਆਤੀ ਪੜਾਅ ਵਿੱਚ ਜਾਂਚ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਦੇਸ਼ ਦੇ ਸਾਬਕਾ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਵੱਲੋਂ ਸਥਾਪਤ ‘ਯੂ.ਵੁਈ.ਕੈਨ. ਫਾਊਂਡੇਸ਼ਨ’ ਨਾਲ ਜ਼ਿਲ੍ਹਾ ਪਟਿਆਲਾ ਵਿਖੇ ਛਾਤੀ ਅਤੇ ਮੂੰਹ ਦੇ ਕੈਂਸਰ ਦੀ ਵਿਆਪਕ ਸਕ੍ਰੀਨਿੰਗ ਦਾ ਪ੍ਰਾਜੈਕਟ ਚਲਾਉਣ ਲਈ ਇੱਕ ਸਮਝੌਤਾ ਸਹੀਬੰਦ (ਐਮ.ਓ.ਯੂ.) ਕੀਤਾ ਹੈ।
Publish Date: Tue, 13 Oct 2026 09:12 AM (IST)
Updated Date: Tue, 13 Oct 2026 09:14 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਜ਼ਮੀਨੀ ਪੱਧਰ 'ਤੇ ਕੈਂਸਰ ਦੀ ਸਕ੍ਰੀਨਿੰਗ ਅਤੇ ਸ਼ੁਰੂਆਤੀ ਪੜਾਅ ਵਿੱਚ ਜਾਂਚ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਦੇਸ਼ ਦੇ ਸਾਬਕਾ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਵੱਲੋਂ ਸਥਾਪਤ ‘ਯੂ.ਵੁਈ.ਕੈਨ. ਫਾਊਂਡੇਸ਼ਨ’ ਨਾਲ ਜ਼ਿਲ੍ਹਾ ਪਟਿਆਲਾ ਵਿਖੇ ਛਾਤੀ ਅਤੇ ਮੂੰਹ ਦੇ ਕੈਂਸਰ ਦੀ ਵਿਆਪਕ ਸਕ੍ਰੀਨਿੰਗ ਦਾ ਪ੍ਰਾਜੈਕਟ ਚਲਾਉਣ ਲਈ ਇੱਕ ਸਮਝੌਤਾ ਸਹੀਬੰਦ (ਐਮ.ਓ.ਯੂ.) ਕੀਤਾ ਹੈ।
ਇਸ ਸਮਝੌਤੇ 'ਤੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਹਿਤਿੰਦਰ ਕੌਰ ਅਤੇ ਯੁਵਰਾਜ ਸਿੰਘ ਫਾਊਂਡੇਸ਼ਨ ਦੀ ਟਰੱਸਟੀ ਪੂਨਮ ਨੰਦਾ ਵੱਲੋਂ ਰਸਮੀ ਤੌਰ 'ਤੇ ਹਸਤਾਖ਼ਰ ਕੀਤੇ ਗਏ।
ਬਿਮਾਰੀ ਹੋਣ ਮਗਰੋਂ ਇਲਾਜ ਕਰਵਾਉਣ ਦੀ ਥਾਂ ਪਹਿਲਾਂ ਹੀ ਸਿਹਤ ਸੰਭਾਲ ਪ੍ਰਤੀ ਸਰਗਰਮ ਰਹਿਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਮਕਸਦ ਨਿਯਮਤ ਜਾਂਚ ਨੂੰ ਉਤਸ਼ਾਹਿਤ ਕਰਨਾ ਅਤੇ ਸਕ੍ਰੀਨਿੰਗ ਪ੍ਰਤੀ ਲੋਕਾਂ ਦੇ ਡਰ ਨੂੰ ਦੂਰ ਕਰਨਾ ਹੈ।
ਸਿਹਤ ਮੰਤਰੀ ਨੇ ਕਿਹਾ ਜਿਸ ਤਰ੍ਹਾਂ ਯੁਵਰਾਜ ਸਿੰਘ ਨੇ ਕ੍ਰਿਕਟ ਦੇ ਮੈਦਾਨ ਵਿੱਚ ਭਾਰਤੀ ਕ੍ਰਿਕਟ ਟੀਮ ਦੀਆਂ ਇਤਿਹਾਸਕ ਜਿੱਤਾਂ ਦੀ ਅਗਵਾਈ ਕੀਤੀ ਅਤੇ ਆਪਣੇ ਦ੍ਰਿੜ੍ਹ ਇਰਾਦੇ ਨਾਲ ਕੈਂਸਰ ਨੂੰ ਮਾਤ ਦਿੱਤੀ, ਉਸੇ ਤਰ੍ਹਾਂ ਹੁਣ ਉਹ ਸਾਡੇ ਲੋਕਾਂ ਵਿੱਚ ਸਮੇਂ ਸਿਰ ਜਾਂਚ ਦੀ ਮੁਹਿੰਮ ਦੀ ਅੱਗੇ ਹੋ ਕੇ ਅਗਵਾਈ ਕਰ ਰਹੇ ਹਨ।" ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੈਂਸਰ ਦੀ ਪਛਾਣ ਸ਼ੁਰੂਆਤੀ ਦੌਰ ਵਿੱਚ ਹੋ ਜਾਵੇ ਤਾਂ ਇਹ ਪੂਰੀ ਤਰ੍ਹਾਂ ਇਲਾਜਯੋਗ ਹੈ।