ਸੀਜੀਸੀ ਯੂਨੀਵਰਸਿਟੀ 'ਚ ਨੌਜਵਾਨਾਂ ਨੇ ‘ਵਾਕ ਫਾਰ ਨਸ਼ਾ ਮੁਕਤ ਯੁਵਾ’ ’ਚ ਲਿਆ ਹਿੱਸਾ ਸੀਜੀਸੀ ਯੂਨੀਵਰਸਿਟੀ 'ਚ ਨੌਜਵਾਨਾਂ ਨੇ "ਵਾਕ ਫਾਰ ਨਸ਼ਾ ਮੁਕਤ ਯੁਵਾ" 'ਚ ਲਿਆ ਹਿੱਸਾ
Publish Date: Sun, 04 Oct 2026 08:53 PM (IST)
Updated Date: Sun, 04 Oct 2026 08:56 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਅਧੀਨ ਮਾਈ ਭਾਰਤ, ਪੰਜਾਬ ਵੱਲੋਂ ਐਤਵਾਰ ਨੂੰ ਸੀਜੀਸੀ ਯੂਨੀਵਰਸਿਟੀ, ਝੰਜੇੜੀ ਵਿਖੇ ਰਾਜ ਪੱਧਰੀ ਵਾਕ ਫਾਰ ਨਸ਼ਾ ਮੁਕਤ ਯੁਵਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇਕ ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਦੇਸ਼ ਵਿਆਪੀ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ-100 ਸੰਡੇ ਮੁਹਿੰਮ ਤਹਿਤ ਕਰਵਾਇਆ ਗਿਆ। ਇਹ ਸਮਾਗਮ ਮੁਹਿੰਮ ਦੇ ਪਹਿਲੇ ਮਹੀਨੇ ਦੇ ਵਿਸ਼ੇ ਮੇਰੀ ਸਿਹਤ-ਮੇਰਾ ਮਾਣ ਤਹਿਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਇਕੋ ਦਿਨ ਕਰਵਾਇਆ ਗਿਆ। ਸਵੇਰੇ 11 ਵਜੇ ਵਾਕ ਨੂੰ ਹਰੀ ਝੰਡੀ ਦਿੱਤੀ ਗਈ। ਵਿਦਿਆਰਥੀਆਂ, ਐੱਨਐੱਸਐੱਸ ਅਤੇ ਐੱਨਸੀਸੀ ਵਲੰਟੀਅਰਾਂ, ਮਾਈ ਭਾਰਤ ਵਲੰਟੀਅਰਾਂ, ਯੂਥ ਕਲੱਬਾਂ ਅਤੇ ਖਿਡਾਰੀਆਂ ਨੇ ਨਸ਼ਾ-ਮੁਕਤ ਜੀਵਨ ਦਾ ਸੁਨੇਹਾ ਦਿੰਦੀਆਂ ਤਖ਼ਤੀਆਂ ਅਤੇ ਨਾਅਰਿਆਂ ਨਾਲ ਕੈਂਪਸ ਵਿਚ ਲਗਭਗ 3 ਕਿੱਲੋਮੀਟਰ ਪੈਦਲ ਯਾਤਰਾ ਕੀਤੀ। ਵਾਕ ਤੋਂ ਬਾਅਦ ਸਾਰੇ ਭਾਗੀਦਾਰ ਆਡੀਟੋਰੀਅਮ ’ਚ ਇਕੱਠੇ ਹੋਏ ਅਤੇ ਨਸ਼ਾ ਮੁਕਤ ਯੁਵਾ ਸੰਕਲਪ ਲਿਆ। ਇਸ ਉਪਰੰਤ ਨੁੱਕੜ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਬੁਲਾਰਿਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਤੰਦਰੁਸਤੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਸਾਥੀਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ। ਭਾਗੀਦਾਰਾਂ ਨੂੰ ਟੈਲੀ-ਮਾਨਸ ਹੈਲਪਲਾਈਨ 14416 ਅਤੇ ਰਾਸ਼ਟਰੀ ਨਸ਼ਾ ਛੁਡਾਊ ਹੈਲਪਲਾਈਨ 14446 ਬਾਰੇ ਵੀ ਜਾਣਕਾਰੀ ਦਿੱਤੀ ਗਈ। ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ – 100 ਸੰਡੇ ਮੁਹਿੰਮ ਨੌਜਵਾਨਾਂ ਵਿਚ ਸਿਹਤਮੰਦ ਜੀਵਨ ਸ਼ੈਲੀ, ਮਾਨਸਿਕ ਤੰਦਰੁਸਤੀ ਅਤੇ ਵਿਹਲੇ ਸਮੇਂ ਦੀ ਸਕਾਰਾਤਮਕ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਚਲਾਈ ਜਾ ਰਹੀ ਇਕ ਲਗਾਤਾਰ ਮੁਹਿੰਮ ਹੈ। ਨੌਜਵਾਨ ਮਾਈ ਭਾਰਤ ਪੋਰਟਲ (mybharat.gov.in) ਨਾਲ ਜੁੜ ਕੇ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ।