ਕਰੰਟ ਲੱਗਣ ਕਾਰਨ ਛੱਤ ਤੋਂ ਡਿੱਗੇ ਨੌਜਵਾਨ ਦੀ ਹੋਈ ਮੌਤ ਕਰੰਟ ਲੱਗਣ ਕਾਰਨ ਛੱਤ ਤੋਂ ਡਿੱਗੇ ਨੌਜਵਾਨ ਦੀ ਹੋਈ ਮੌਤ
Publish Date: Fri, 09 Oct 2026 06:47 PM (IST)
Updated Date: Fri, 09 Oct 2026 06:47 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਖਰੜ ਸ਼ਹਿਰ ਦੇ ਮਸ਼ਹੂਰ ਆਰੀਆ ਕਾਲਜ ਰੋਡ ’ਤੇ ਤਿਆਰ ਹੋ ਰਹੇ ਇਕ ਸ਼ੋਅਰੂਮ ਦੀ ਛੱਤ ’ਤੇ ਬਿਜਲੀ ਦਾ ਕੰਮ ਕਰ ਰਹੇ ਮਿਸਤਰੀ ਦੀ ਕਰੰਟ ਲੱਗਣ ਤੋਂ ਬਾਅਦ ਛੱਤ ਥੱਲੇ ਡਿੱਗਣ ਕਾਰਨ ਮੌਤ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ। ਇਸ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ (19) ਉਰਫ਼ ਗੁਰੀ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਭਾਗੋ ਮਾਜਰਾ ਵਜੋਂ ਹੋਈ ਹੈ। ਇਸ ਹਾਦਸੇ ਬਾਰੇ ਸਿਵਲ ਹਸਪਤਾਲ ਖਰੜ ਵਿਖੇ ਪਹੁੰਚਣ ’ਤੇ ਮ੍ਰਿਤਕ ਨੌਜਵਾਨ ਦੇ ਦੋਸਤ ਕਮਲਜੀਤ ਸਿੰਘ ਕਮਲੂ, ਹਰਪ੍ਰੀਤ ਸਿੰਘ ਆਦਿ ਨੇ ਦੱਸਿਆ ਗੁਰਪ੍ਰੀਤ ਸਿੰਘ ਗੁਰੀ ਜੋਕਿ ਸ਼ਹਿਰ ਵਿਚ ਬਿਜਲੀ ਠੀਕ ਕਰਨ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਉਹ ਆਰੀਆ ਕਾਲਜ ਰੋਡ ’ਤੇ ਨਵੇਂ ਬਣੇ ਇਕ ਸੁਨਿਆਰੇ ਦੇ ਸ਼ੋਅਰੂਮ ਵਿਚ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਗੁਰੀ ਕੰਮ ਕਰਨ ਲਈ ਸ਼ੋਅਰੂਮ ਦੀ ਛੱਤ ਦੇ ਉਪਰ ਚੜ੍ਹਿਆ ਤਾਂ ਸਟੀਲ ਦੀ ਤਾਰ ਖਿੱਚਦੇ ਸਮੇਂ ਉਸਦੀ ਤਾਰ ਸ਼ੋਅਰੂਮ ਨੇੜਿਓਂ ਨਿਕਲ ਰਹੀ ਬਿਜਲੀ ਵਿਭਾਗ ਦੀ ਹਾਈ ਵੋਲਟੇਜ ਤਾਰ ਨੂੰ ਛੂਹ ਗਈ, ਜਿਸ ਕਾਰਨ ਉਸ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਸ਼ੋਅਰੂਮ ਦੀ ਦੂਜੀ ਮੰਜ਼ਿਲ ਦੀ ਛੱਤ ਤੋਂ ਸਿੱਧਾ ਸੜਕ ’ਤੇ ਆ ਡਿੱਗਿਆ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਉਸਦੇ ਸਾਥੀ ਨੇੜਲੇ ਇਕ ਨਿੱਜੀ ਹਸਪਤਾਲ ਵਿਚ ਲੈ ਗਏ, ਜਿੱਥੋਂ ਡਾਕਟਰਾਂ ਵੱਲੋਂ ਉਸ ਦੀ ਹਾਲਤ ਗੰਭੀਰ ਦੇਖਦਿਆਂ ਸਿਵਲ ਹਸਪਤਾਲ ਖਰੜ ਵਿਖੇ ਰੈਫ਼ਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਵਿਚ ਪਹੁੰਚਣ ’ਤੇ ਡਿਊਟੀ ’ਤੇ ਤੈਨਾਤ ਡਾ. ਸੁਰਭੀ ਵੱਲੋਂ ਨੌਜਵਾਨ ਦੀ ਜਾਂਚ ਕਰਨ ਬਾਅਦ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਦੀ ਸੂਚਨਾ ਹਸਪਤਾਲ ਸਟਾਫ਼ ਵੱਲੋਂ ਖਰੜ ਪੁਲਿਸ ਨੂੰ ਦੇ ਦਿੱਤੀ ਗਈ। ਇਸ ਹਾਦਸੇ ਬਾਰੇ ਪੁਲਿਸ ਥਾਣਾ ਸਿਟੀ ਖਰੜ ਦੇ ਤਫ਼ਤੀਸ਼ੀ ਅਫ਼ਸਰ ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਿਸ ਤੋਂ ਬਾਅਦ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੇ ਪਰਿਵਾਰਕ ਮੈਂਬਰ ਪੁਲਿਸ ਥਾਣੇ ਵਿਚ ਮੌਜੂਦ ਸਨ।