ਮਾਂ ਭਦਰਕਾਲੀ ਬਗਲਾਮੁਖੀ ਧਾਮ ’ਚ ਖ਼ੌਫ਼ਨਾਕ ਕਾਂਡ: ਨੌਜਵਾਨ ਨੇ ਮੰਦਰ 'ਚ ਘੰਟੀ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਉਨ੍ਹਾਂ ਦੱਸਿਆ ਕਿ ਜਦੋਂ ਉਹ ਵਾਪਸ ਮੰਦਰ ’ਚ ਪਹੁੰਚੇ ਤਾਂ ਮੰਦਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਫਿਰ ਉਨ੍ਹਾਂ ਨੇ ਬੜੀ ਮੁਸ਼ਿਕਲ ਨਾਲ ਕੁਝ ਭਗਤਾਂ ਨੂੰ ਬੁਲਾਕੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਪਹਿਲੇ ਹੀ ਲੱਗੀ ਮੰਦਰ ਦੀ ਘੰਟੀ ’ਤੇ ਇਕ ਨੌਜਵਾਨ ਵੱਲੋਂ ਰੱਸੀ ਬੰਨਕੇ ਫਾਹਾ ਲਿਆ ਹੋਇਆ ਸੀ।
Publish Date: Tue, 22 Sep 2026 04:04 PM (IST)
Updated Date: Tue, 22 Sep 2026 04:08 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ। ਅੱਜ ਦੁਪਹਿਰ ਸਮੇਂ ਦਰਪਨ ਸਿਟੀ ’ਚ ਬਣੇ ਇਕ ਮਾਤਾ ਦੇ ਮੰਦਰ ’ਚ ਇਕ ਨੌਜਵਾਨ ਵੱਲੋਂ ਮੰਦਰ ਦੀ ਘੰਟੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਬਾਰੇ ਜਾਣਕਾਰੀ ਮਿਲੀ ਹੈ। ਫਾਹਾ ਲੈਣ ਵਾਲੇ ਨੌਜਵਾਨ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ।
ਇਸ ਵਾਪਰੀ ਘਟਨਾ ਬਾਰੇ ਮਾਂ ਭਦਰਕਾਲੀ ਬਗਲਾਮੁਖੀ ਧਾਮ ਦੇ ਮਹੰਤ ਕਮੱਖਿਆ ਨੰਦ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਦੁਪਿਹਰ 1 ਵਜੇ ਦੇ ਕਰੀਬ ਆਪਣੇ ਘਰ ਰੋਟੀ ਖਾਣ ਲਈ ਗਿਆ ਸੀ ਅਤੇ ਮੰਦਰ ਦੇ ਅੰਦਰ ਵਾਲੇ ਦਰਵਾਜ਼ੇ ਬੰਦ ਕਰ ਗਿਆ ਸੀ ਪਰ ਮੰਦਰ ਦਾ ਮੁੱਖ ਦਰਵਾਜ਼ਾ ਭਗਤਾਂ ਲਈ ਖੁੱਲਾ ਛੱਡ ਗਿਆ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਵਾਪਸ ਮੰਦਰ ’ਚ ਪਹੁੰਚੇ ਤਾਂ ਮੰਦਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਫਿਰ ਉਨ੍ਹਾਂ ਨੇ ਬੜੀ ਮੁਸ਼ਿਕਲ ਨਾਲ ਕੁਝ ਭਗਤਾਂ ਨੂੰ ਬੁਲਾਕੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਪਹਿਲੇ ਹੀ ਲੱਗੀ ਮੰਦਰ ਦੀ ਘੰਟੀ ’ਤੇ ਇਕ ਨੌਜਵਾਨ ਵੱਲੋਂ ਰੱਸੀ ਬੰਨਕੇ ਫਾਹਾ ਲਿਆ ਹੋਇਆ ਸੀ।
ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਸਿਟੀ ਖਰੜ ਦੀ ਪੁਲਿਸ ਨੂੰ ਦਿੱਤੀ, ਜਿਸ ਤੋਂ ਕੁਝ ਦੇਰ ’ਚ ਹੀ ਖਰੜ ਪੁਲਿਸ ਦੀ ਇਕ ਪਾਰਟੀ ਥਾਣੇਦਾਰ ਹਰਮਿੰਦਰ ਸਿੰਘ ਦੀ ਅਗਵਾਈ ’ਚ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਵੱਲੋਂ ਨੌਜਵਾਨ ਨੂੰ ਫਾਹੇ ਤੋਂ ਉਤਾਰ ਕੇ ਸਿਵਲ ਹਸਪਤਾਲ ਖਰੜ ਪਹੁੰਚਾਇਆ ਗਿਆ।
ਹਸਪਤਾਲ ’ਚ ਡਿਊਟੀ ਡਾਕਟਰਾਂ ਨੇ ਉਸ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਸਪੰਰਕ ਕਰਨ ’ਤੇ ਥਾਣੇਦਾਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਾਏ ਕੱਪੜਿਆਂ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਕੋਈ ਸ਼ਨਾਖ਼ਤੀ ਕਾਰਡ ਬਰਾਮਦ ਨਾ ਹੋਣ ਕਾਰਨ ਉਸਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਈ ਉਸਦੀ ਲਾਸ਼ ਅਗਲੇ 72 ਘੰਟਿਆਂ ਲਈ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤੀ ਗਈ ਹੈ। ਵਾਰਿਸਾਂ ਦੇ ਆਉਣ ’ਤੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।