ਫੈਕਟਰੀ ਦੇ ਉੱਪਰ ਬਣੇ ਕਮਰੇ ’ਚ ਨੌਜਵਾਨ ਨੂੰ ਲੱਗਿਆ ਕਰੰਟ, ਵਾਲ-ਵਾਲ ਬਚੀ ਜਾਨ ਫੈਕਟਰੀ ਦੇ ਉੱਪਰ ਬਣੇ ਕਮਰੇ ’ਚ ਨੌਜਵਾਨ ਨੂੰ ਲੱਗਿਆ ਕਰੰਟ, ਵਾਲ-ਵਾਲ ਬਚੀ ਜਾਨ
Publish Date: Sun, 20 Sep 2026 08:17 PM (IST)
Updated Date: Mon, 21 Sep 2026 04:11 AM (IST)
11 ਹਜ਼ਾਰ ਵੋਲਟ ਦੀਆਂ ਤਾਰਾਂ ਇਮਾਰਤ ਦੇ ਬਿਲਕੁਲ ਨੇੜਿਓਂ ਲੰਘ ਰਹੀਆਂ ਲੋਕਾਂ ਨੇ ਕੀਤੀ ਜਾਂਚ ਦੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਨਜ਼ਦੀਕੀ ਪਿੰਡ ਭਗਵਾਨਪੁਰ ਵਿਚ ਇਕ ਫੈਕਟਰੀ ਦੇ ਉੱਪਰ ਬਣੇ ਕਿਰਾਏ ਦੇ ਕਮਰੇ ਵਿਚ ਰਹਿ ਰਹੇ ਨੌਜਵਾਨ ਨੂੰ ਅਚਾਨਕ ਬਿਜਲੀ ਦਾ ਕਰੰਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਸ਼ਕਿਸਮਤੀ ਨਾਲ ਨੌਜਵਾਨ ਦੀ ਜਾਨ ਬਚ ਗਈ, ਪਰ ਇਸ ਘਟਨਾ ਨੇ ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ ਅਤੇ ਬਿਜਲੀ ਲਾਈਨਾਂ ਦੀ ਲਾਪਰਵਾਹੀ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਭਾਰੀ ਚਿੰਤਾ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਮਾਲਕ ਗੋਬਿੰਦ ਵੱਲੋਂ ਇਮਾਰਤ ਦੀ ਉਪਰਲੀ ਮੰਜ਼ਿਲ ਤੇ ਬਣੇ ਕਮਰੇ ਕਿਰਾਏ ਤੇ ਦਿੱਤੇ ਹੋਏ ਹਨ, ਜਿੱਥੇ ਕਈ ਲੋਕ ਰਹਿ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਬਿਲਡਿੰਗ ਦੇ ਬਿਲਕੁਲ ਨੇੜਿਓਂ 11 ਹਜ਼ਾਰ ਵੋਲਟ (11 ਕੇਵੀ) ਦੀਆਂ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਹਨ। ਇਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਦੀ ਜਾਨ ਨੂੰ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਹਾਲ ਹੀ ਵਿਚ ਇਕ ਨੌਜਵਾਨ ਇਨ੍ਹਾਂ ਹਾਈ-ਵੋਲਟੇਜ ਤਾਰਾਂ ਦੇ ਸੰਪਰਕ ਵਿਚ ਆ ਗਿਆ ਪਰ ਸਮੇਂ ਸਿਰ ਬਚਾਅ ਹੋਣ ਕਾਰਨ ਇਕ ਵੱਡਾ ਹਾਦਸਾ ਟਲ ਗਿਆ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਸੇ ਥਾਂ ’ਤੇ ਕਰੰਟ ਲੱਗਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਦੋ ਵਿਅਕਤੀ ਇਨ੍ਹਾਂ ਤਾਰਾਂ ਦੀ ਲਪੇਟ ਵਿਚ ਆ ਕੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਇਕੋ ਥਾਂ ’ਤੇ ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਖ਼ਿਲਾਫ਼ ਰੋਸ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ, ਬਿਜਲੀ ਵਿਭਾਗ ਅਤੇ ਇਮਾਰਤ ਮਾਲਕ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਲੋਕਾਂ ਨੇ ਸਵਾਲ ਚੁੱਕਿਆ ਹੈ ਕਿ ਇਮਾਰਤ ਦੇ ਇੰਨੇ ਨੇੜਿਓਂ ਹਾਈ-ਵੋਲਟੇਜ ਤਾਰਾਂ ਲੰਘਣ ਸਬੰਧੀ ਨਿਯਮਾਂ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੁਰੰਤ ਮੌਕੇ ਦਾ ਜਾਇਜ਼ਾ ਲੈਣ, ਬਿਲਡਿੰਗ ਅਤੇ ਤਾਰਾਂ ਵਿਚਕਾਰ ਦੂਰੀ ਦੀ ਜਾਂਚ ਕਰਨ ਅਤੇ ਸੁਰੱਖਿਆ ਖਾਮੀਆਂ ਨੂੰ ਜਲਦ ਤੋਂ ਜਲਦ ਦੂਰ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਜ ਤਾਂ ਨੌਜਵਾਨ ਦੀ ਜਾਨ ਬਚ ਗਈ ਹੈ, ਪਰ ਜੇਕਰ ਸਮੇਂ ਸਿਰ ਪੱਕੇ ਸੁਰੱਖਿਆ ਉਪਾਅ ਨਾ ਕੀਤੇ ਗਏ ਤਾਂ ਭਵਿੱਖ ਵਿਚ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਜਦੋਂ ਇਸ ਬਾਰੇ ਐੱਸਡੀਓ ਪਾਵਰਕਾਮ ਡੇਰਾਬੱਸੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਹੀ ਨੋਟਿਸ ਭੇਜਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।