ਭਿਆਨਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਕੇ ’ਤੇ ਮੌਤ ਭਿਆਨਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਕੇ ’ਤੇ ਮੌਤ
Publish Date: Mon, 03 Aug 2026 06:59 PM (IST)
Updated Date: Tue, 04 Aug 2026 04:05 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਬਹੇੜਾ ਮਾਰਗ ਤੇ ਮੋਤੀਆ ਗਰੀਨ ਨੇੜੇ ਐਤਵਾਰ ਸ਼ਾਮ ਨੂੰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਹਾਦਸਾ ਬਾਈਕ ਅਤੇ ਬੋਲੈਰੋ ਗੱਡੀ ਵਿਚਕਾਰ ਹੋਈ ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਕਾਰਨ ਵਾਪਰਿਆ। ਚਸ਼ਮਦੀਦਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਲਗਭਗ 5:30 ਵਜੇ ਦੀ ਹੈ। ਬੋਲੈਰੋ ਗੱਡੀ ਡੇਰਾਬੱਸੀ ਵੱਲ ਆਪਣੀ ਲੇਨ ਵਿਚ ਜਾ ਰਹੀ ਸੀ, ਜਦੋਂ ਕਿ ਸਾਹਮਣੇ ਤੋਂ ਆ ਰਿਹਾ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਕੇ ਸਿੱਧਾ ਬੋਲੈਰੋ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਨੌਜਵਾਨ ਸੜਕ ਤੋਂ ਹੇਠਾਂ ਜਾ ਡਿੱਗਿਆ। ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਰਾਜਕੁਮਾਰ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਫਿਲਹਾਲ ਡੇਰਾਬੱਸੀ ਦੀ ਗਲੀ ਨੰ. 12 ਵਿਚ ਰਹਿ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਡੇਰਾਬੱਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿਚ ਰਖਵਾ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਡੇਰਾਬੱਸੀ-ਬਹੇੜਾ ਰੋਡ ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਵੀਂ ਬਣੀ ਸੜਕ ਹੋਣ ਦੇ ਬਾਵਜੂਦ ਇੱਥੇ ਨਾ ਤਾਂ ਲੋੜੀਂਦੇ ਸਪੀਡ ਬ੍ਰੇਕਰ ਬਣਾਏ ਗਏ ਹਨ ਅਤੇ ਨਾ ਹੀ ਗਤੀ ਸੀਮਾ ਜਾਂ ਸਾਵਧਾਨੀ ਵਾਲੇ ਸਾਈਨ ਬੋਰਡ ਲਗਾਏ ਗਏ ਹਨ। ਇਸ ਕਾਰਨ ਵਾਹਨ ਚਾਲਕ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਂਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿਚ ਅਜਿਹੇ ਅਨਹੋਣੀਆਂ ਨੂੰ ਰੋਕਣ ਲਈ ਤੁਰੰਤ ਸਪੀਡ ਬ੍ਰੇਕਰ, ਸਪੀਡ ਲਿਮਟ ਬੋਰਡ ਅਤੇ ਹੋਰ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਜਾਣ।