ਵੱਖ-ਵੱਖ ਸੜਕ ਹਾਦਸਿਆਂ ’ਚ ਨੌਜਵਾਨ ਤੇ ਬਜ਼ੁਰਗ ਔਰਤ ਦੀ ਮੌਤ
ਵੱਖ-ਵੱਖ ਸੜਕ ਹਾਦਸਿਆਂ ਵਿਚ ਨੌਜਵਾਨ ਅਤੇ ਬਜ਼ੁਰਗ ਮਹਿਲਾ ਦੀ ਮੌਤ,
Publish Date: Tue, 31 Mar 2026 09:48 PM (IST)
Updated Date: Wed, 01 Apr 2026 04:20 AM (IST)

ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਐੱਫ਼ਆਈਆਰ ਦਰਜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਖਰੜ ਸ਼ਹਿਰ ਵਿਚ ਦੋ ਭਿਆਨਕ ਸੜਕ ਹਾਦਸਿਆਂ ਵਿਚ ਇਕ ਨੌਜਵਾਨ ਅਤੇ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਅਣਪਛਾਤੇ ਵਾਹਨ ਚਾਲਕਾਂ ਵਿਰੁੱਧ ਐੱਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲਾ ਹਾਦਸਾ ਏਕਮੇ ਟਾਵਰ ਦੇ ਸਾਹਮਣੇ ਵਾਪਰਿਆ। ਮ੍ਰਿਤਕ ਦੀ ਪਛਾਣ 29 ਸਾਲਾ ਵਿਵੇਕ ਰਾਣਾ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਰਹਿਣ ਵਾਲਾ ਸੀ ਅਤੇ ਮੌਜੂਦਾ ਸਮੇਂ ਵਿਚ ਅਮਾਇਰਾ ਗਰੀਨ ਸੁਸਾਇਟੀ ਵਿਚ ਰਹਿ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਵਿਵੇਕ ਰਾਣਾ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਹੋਟਲ ਜਾ ਰਿਹਾ ਸੀ, ਜਿੱਥੇ ਉਹ ਬਤੌਰ ਸ਼ੈੱਫ ਦੀ ਨੌਕਰੀ ਕਰਦਾ ਸੀ। ਰਸਤੇ ਵਿਚ ਕਿਸੇ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਨੌਜਵਾਨ ਨੂੰ ਤੁਰੰਤ ਸਰਕਾਰੀ ਹਸਪਤਾਲ ਖਰੜ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜਾ ਹਾਦਸਾ ਖਰੜ ਫਲਾਈਓਵਰ ਤੇ ਵਾਪਰਿਆ, ਜਿੱਥੇ ਇਕ ਅਣਪਛਾਤੀ ਕਾਰ ਨੇ ਐਕਟਿਵਾ ਸਵਾਰ ਬਜ਼ੁਰਗ ਜੋੜੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਪਿੰਡ ਹਸਨਪੁਰ ਦੀ ਰਹਿਣ ਵਾਲੀ 75 ਸਾਲਾ ਕੁਲਵੰਤ ਕੌਰ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਕੁਲਵੰਤ ਕੌਰ ਐਕਟਿਵਾ ਦੇ ਪਿੱਛੇ ਬੈਠੀ ਸੀ। ਟੱਕਰ ਲੱਗਣ ਤੋਂ ਬਾਅਦ ਉਹ ਹੇਠਾਂ ਡਿੱਗ ਗਈ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਖਰੜ ਸਿਟੀ ਥਾਣੇ ਵਿਚ ਉਪਰੋਕਤ ਦੋਵੇਂ ਸੜਕ ਹਾਦਸਿਆਂ ਸਬੰਧੀ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਏ ਵਾਹਨ ਚਾਲਕਾਂ ਦੀ ਪੈੜ ਨੱਪੀ ਜਾ ਸਕੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।