- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਕਜੁੱਟ ਹੋਣ ਔਰਤਾਂ : ਬਬੀਤਾ ਸ਼ਰਮਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਦੀ ਪਤਨੀ ਬਬੀਤਾ ਸ਼ਰਮਾ ਨੇ ਕਿਹਾ ਕਿ ਪਿਛਲੇ ਪੰਜ ਸਾਲਾ ਵਿਚ ਪੰਜਾਬ ਸਮੇਤ ਪੂਰੇ ਡੇਰਾਬੱਸੀ ਹਲਕੇ ਵਿਚ ਸਰਕਾਰ ਦੀ ਸ਼ਹਿ ਨਾਲ ਨਸ਼ੇ ਦਾ ਕਾਰੋਬਾਰ ਵਧਿਆ ਹੈ। ਨਸ਼ਿਆਂ ਦੀ ਲਪੇਟ ਵਿਚ ਆ ਕੇ ਹਲਕੇ ਦੇ ਕਈ ਘਰ ਬਰਬਾਦ ਹੋ ਗਏ ਹਨ। ਬਬੀਤਾ ਸ਼ਰਮਾ ਡੇਰਾਬੱਸੀ ਹਲਕੇ ਵਿਚ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦੌਰੇ ਤੋਂ ਪਹਿਲਾਂ ਭਗਵਾਸ, ਕੁੜਾਂਵਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿਚ ਔਰਤਾਂ ਨੂੰ ਇਕਜੁੱਟ ਕਰਦੇ ਹੋਏ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੋ ਲੋਕ ਖ਼ੁਦ ਨਸ਼ੇ ਦਾ ਸੇਵਨ ਕਰਦੇ ਹਨ, ਉਹ ਅੱਜ ਨਸ਼ਿਆਂ ਵਿਰੁੱਧ ਜੰਗ ਚਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਦੌਰਾਨ ਬਹੁਤ ਸਾਰੀਆਂ ਔਰਤਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਨਸ਼ਿਆਂ ਨੇ ਉਨ੍ਹਾਂ ਦੇ ਘਰ ਬਰਬਾਦ ਕਰ ਦਿੱਤੇ ਹਨ। ਪਿੰਡਾਂ ਵਿਚ ਖੁੱਲ੍ਹੇਆਮ ਨਸ਼ੇ ਵਿਕ ਰਹੇ ਹਨ ਅਤੇ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਡੇਰਾਬੱਸੀ ਹਲਕੇ ਵਿਚ ਨਸ਼ਾ ਕਈ ਘਰਾਂ ਨੂੰ ਬਰਬਾਦ ਕਰ ਚੁੱਕਿਆ ਹੈ। ਉਨ੍ਹਾਂ ਔਰਤਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿਚ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਔਰਤਾਂ ਨੂੰ ਨਸ਼ੇ ਵੇਚਣ ਅਤੇ ਵੰਡਣ ਵਾਲਿਆਂ ਦਾ ਵਿਰੋਧ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਔਰਤਾਂ ਨੂੰ ਇਕਜੁੱਟ ਹੋ ਕੇ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਮਹਿਲਾ ਅਕਾਲੀ ਆਗੂ ਬਲਵਿੰਦਰ ਕੌਰ, ਮਨਜੀਤ ਕੌਰ ਸਾਬਕਾ ਸਰਪੰਚ, ਭੁਪਿੰਦਰ ਕੌਰ, ਤੇਜ ਕੌਰ, ਮਨਿੰਦਰ ਕੌਰ, ਬਲਜਿੰਦਰ ਕੌਰ, ਕਮਲੇਸ਼ ਕੌਰ, ਸੁਮਨ ਰਾਣੀ, ਸਮਨਜੀਤ, ਸੁਮਨ ਰਾਣੀ, ਦਲਜੀਤ ਕੌਰ ਅਤੇ ਕੁਲਦੀਪ ਕੌਰ ਸਮੇਤ ਕਈ ਪਤਵੰਤੇ ਮੌਜੂਦ ਸਨ।