ਔਰਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਕਰਵਾ ਚੌਥ ਦਾ ਤਿਉਹਾਰ ਔਰਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਕਰਵਾ ਚੌਥ ਦਾ ਤਿਉਹਾਰ
Publish Date: Thu, 29 Oct 2026 10:34 PM (IST)
Updated Date: Thu, 29 Oct 2026 10:37 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਥਾਨਕ ਜੀਬੀਪੀ ਰੋਜ਼ਵੁੱਡ-1 ਰਿਹਾਇਸ਼ੀ ਸੁਸਾਇਟੀ ਵਿਖੇ ਕਰਵਾ ਚੌਥ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਖ਼ਾਸ ਮੌਕੇ ਤੇ ਸੁਸਾਇਟੀ ਦੀਆਂ ਔਰਤਾਂ ਨੇ ਇੱਕਠੀਆਂ ਹੋ ਕੇ ਰਵਾਇਤੀ ਢੰਗ ਨਾਲ ਪੂਜਾ-ਅਰਚਨਾ ਕੀਤੀ ਅਤੇ ਆਪਣੇ ਪਤੀਆਂ ਦੀ ਲੰਮੀ ਉਮਰ, ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਤਿਉਹਾਰ ਦੇ ਸਬੰਧ ਵਿਚ ਸੁਸਾਇਟੀ ’ਚ ਸਵੇਰ ਤੋਂ ਹੀ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਔਰਤਾਂ ਨੇ ਰਵਾਇਤੀ ਅਤੇ ਸੁੰਦਰ ਪੋਸ਼ਾਕਾਂ ਪਹਿਨ ਕੇ ਅਤੇ ਸੋਲ੍ਹਾਂ ਸ਼ਿੰਗਾਰ ਕਰਕੇ ਪੂਜਾ ਸਮਾਗਮ ਵਿਚ ਹਿੱਸਾ ਲਿਆ। ਸ਼ਾਮ ਦੇ ਸਮੇਂ ਸਾਰੀਆਂ ਔਰਤਾਂ ਨੇ ਇਕ ਥਾਂ ਇਕੱਠੇ ਹੋ ਕੇ ਕਰਵਾ ਚੌਥ ਦੀਆਂ ਕਥਾਵਾਂ ਸੁਣੀਆਂ, ਥਾਲੀ ਵਟਾਉਣ ਦੀ ਰਸਮ ਨਿਭਾਈ ਅਤੇ ਪੂਰੇ ਵਿਧੀ-ਵਿਧਾਨ ਨਾਲ ਪੂਜਾ ਸੰਪੰਨ ਕੀਤੀ। ਸੁਸਾਇਟੀ ਦੇ ਨਿਵਾਸੀਆਂ ਨੇ ਦੱਸਿਆ ਕਿ ਅਜਿਹੇ ਧਾਰਮਿਕ ਅਤੇ ਸੰਸਕ੍ਰਿਤਕ ਪ੍ਰੋਗਰਾਮ ਸਾਡੇ ਸਮਾਜ ਵਿਚ ਆਪਸੀ ਪ੍ਰੇਮ, ਭਾਈਚਾਰੇ ਅਤੇ ਸਾਂਝ ਨੂੰ ਹੋਰ ਪੱਕਾ ਕਰਦੇ ਹਨ। ਔਰਤਾਂ ਨੇ ਮਿਲ ਕੇ ਗੀਤ ਗਾਏ ਅਤੇ ਤਿਉਹਾਰ ਦੇ ਮਨਮੋਹਕ ਮਾਹੌਲ ਦਾ ਪੂਰਾ ਆਨੰਦ ਲਿਆ। ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਔਰਤਾਂ ਨੇ ਅਰਗ਼ ਦਿੱਤਾ ਅਤੇ ਆਪਣੇ ਪਤੀ ਦੇ ਹੱਥੋਂ ਜਲ ਗ੍ਰਹਿਣ ਕਰਕੇ ਆਪਣਾ ਨਿਰਜਲਾ ਵਰਤ ਖੋਲ੍ਹਿਆ। ਪੂਰਾ ਦਿਨ ਸੁਸਾਇਟੀ ਵਿਚ ਤਿਉਹਾਰੀ ਰੌਣਕ ਬਣੀ ਰਹੀ। ਇਸ ਸ਼ੁਭ ਮੌਕੇ ਤੇ ਮੌਜੂਦ ਸਾਰੀਆਂ ਔਰਤਾਂ ਨੇ ਆਪਸੀ ਸਾਂਝ ਅਤੇ ਏਕਤਾ ਦਾ ਸੰਦੇਸ਼ ਦਿੰਦਿਆਂ ਇਸ ਦਿਨ ਨੂੰ ਯਾਦਗਾਰ ਬਣਾ ਦਿੱਤਾ।