ਐੱਮਬੀਬੀਐੱਸ ਦੇ ਨਵੇਂ ਵਿਦਿਆਰਥੀਆਂ ਲਈ ਵ੍ਹਾਈਟ ਕੋਟ ਸਮਾਰੋਹ ਐੱਮਬੀਬੀਐੱਸ ਦੇ ਨਵੇਂ ਵਿਦਿਆਰਥੀਆਂ ਲਈ ਵ੍ਹਾਈਟ ਕੋਟ ਸਮਾਰੋਹ ਕਰਵਾਇਆ
Publish Date: Fri, 23 Oct 2026 09:58 PM (IST)
Updated Date: Fri, 23 Oct 2026 10:00 PM (IST)
-ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮੁਹਾਲੀ ਵਿਖੇ ਸ਼ੁੱਕਰਵਾਰ ਨੂੰ ਐੱਮਬੀਬੀਐੱਸ ਦੇ ਸਾਲ 2026 ਦੇ ਨਵੇਂ ਬੈਚ ਲਈ ਏਮਜ਼ ਦੇ ਆਡੀਟੋਰੀਅਮ ਵਿਖੇ ਵ੍ਹਾਈਟ ਕੋਟ ਸਮਾਰੋਹ ਕਰਵਾਇਆ ਗਿਆ। ਇਹ ਸਮਾਰੋਹ ਵਿਦਿਆਰਥੀਆਂ ਦੇ ਡਾਕਟਰੀ ਪੇਸ਼ੇ ’ਚ ਰਸਮੀ ਪ੍ਰਵੇਸ਼ ਦਾ ਪ੍ਰਤੀਕ ਬਣਿਆ ਅਤੇ ਉਨ੍ਹਾਂ ਨੂੰ ਮਰੀਜ਼ਾਂ ਦੀ ਸੇਵਾ, ਦਇਆ-ਭਾਵਨਾ ਅਤੇ ਪੇਸ਼ੇਵਰ ਨੈਤਿਕਤਾ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਏਮਜ਼ ਮੁਹਾਲੀ ਦੇ ਚੇਅਰਪਰਸਨ ਡਾ. ਭਗਵੰਤ ਸਿੰਘ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਜੀਐੱਮਸੀਐੱਚ ਚੰਡੀਗੜ੍ਹ ਦੇ ਜਨਰਲ ਸਰਜਰੀ ਵਿਭਾਗ ਦੇ ਪ੍ਰੋਫੈਸਰ ਅਤੇ ਸਾਬਕਾ ਡਾਇਰੈਕਟਰ-ਪ੍ਰਿੰਸੀਪਲ ਡਾ. ਏ.ਕੇ. ਅੱਤਰੀ, ਫੋਰਟਿਸ ਹਸਪਤਾਲ ਦੇ ਜਨਰਲ ਸਰਜਰੀ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਰਾਜੀਵ ਕਪੂਰ ਅਤੇ ਏਮਜ਼ ਮੁਹਾਲੀ ਦੀ ਸਾਬਕਾ ਡਾਇਰੈਕਟਰ-ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ, ਦੀਪ ਜਗਾਉਣ ਮਗਰੋਂ ਸਰਸਵਤੀ ਵੰਦਨਾ ਨਾਲ ਹੋਈ। ਪ੍ਰੋ. ਵਿਵੇਕ ਲਾਲ ਨੇ ਵਿਦਿਆਰਥੀਆਂ ਨੂੰ ਖ਼ੁਦ ’ਤੇ ਵਿਸ਼ਵਾਸ ਰੱਖਣ, ਸਖ਼ਤ ਮਿਹਨਤ ਕਰਨ ਅਤੇ ਆਪਣੇ ਪੇਸ਼ੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹਿਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਡਾਕਟਰੀ ਸਿੱਖਿਆ ਅਤੇ ਪੇਸ਼ੇਵਰ ਸਫ਼ਲਤਾ ਦੇ ਸਫ਼ਰ ’ਚ ਮਰੀਜ਼ ਸਭ ਤੋਂ ਮਹੱਤਵਪੂਰਨ ਅਧਿਆਪਕ ਸਾਬਤ ਹੁੰਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਮਰੀਜ਼ਾਂ ਦੇ ਤਜ਼ਰਬਿਆਂ ਤੋਂ ਸਿੱਖਦਿਆਂ ਉਨ੍ਹਾਂ ਦੀ ਦੇਖਭਾਲ ਨੂੰ ਹਮੇਸ਼ਾ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚਿੱਟਾ ਕੋਟ ਸਿਰਫ਼ ਇਕ ਪਹਿਰਾਵਾ ਨਹੀਂ, ਸਗੋਂ ਮਰੀਜ਼ਾਂ ਪ੍ਰਤੀ ਜ਼ਿੰਮੇਵਾਰੀ, ਵਿਸ਼ਵਾਸ ਅਤੇ ਸਮਰਪਣ ਦਾ ਪ੍ਰਤੀਕ ਹੈ। ਅਖੀਰ ਵਿਚ ਡਾਇਰੈਕਟਰ-ਪ੍ਰਿੰਸੀਪਲ ਡਾ. ਨਵਦੀਪ ਸਿੰਘ ਸੈਣੀ ਨੇ ਆਸ ਪ੍ਰਗਟਾਈ ਕਿ ਨਵੇਂ ਵਿਦਿਆਰਥੀ ਆਪਣੀ ਮਿਹਨਤ, ਲਗਨ ਅਤੇ ਪੇਸ਼ੇ ਪ੍ਰਤੀ ਸਮਰਪਣ ਨਾਲ ਸੰਸਥਾ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਸਮਾਰੋਹ ’ਚ ਸ਼ਾਮਲ ਹੋਣ ਲਈ ਮਹਿਮਾਨਾਂ, ਫੈਕਲਟੀ ਮੈਂਬਰਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।