ਤਗ਼ਮਾ ਜਿੱਤ ਕੇ ਪਰਤੇ ਜਗਸ਼ੇਰ ਸਿੰਘ ਖੰਗੂੜਾ ਦਾ ਸਵਾਗਤ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਤਗ਼ਮਾ ਜੇਤੂ ਜਗਸ਼ੇਰ ਸਿੰਘ ਖੰਗੂੜਾ ਦਾ ਸਵਾਗਤ ,
Publish Date: Mon, 19 Oct 2026 06:48 PM (IST)
Updated Date: Mon, 19 Oct 2026 06:51 PM (IST)
-ਮੀਤ ਹੇਅਰ ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਮੁਹਾਲੀ ਹਵਾਈ ਅੱਡੇ ’ਤੇ ਸਵਾਗਤ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਮਿਸਰ ਦੇ ਸ਼ਹਿਰ ਕਾਹਿਰਾ ਵਿਖੇ ਜੂਨੀਅਰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜਿੱਤ ਕੇ ਬੀਤੀ ਦੇਰ ਰਾਤ ਪੰਜਾਬ ਪਰਤੇ ਜਗਸ਼ੇਰ ਸਿੰਘ ਖੰਗੂੜਾ ਦਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਉੱਤੇ ਸ਼ਾਹਾਨਾ ਸਵਾਗਤ ਕੀਤਾ ਗਿਆ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਦੀ ਅਗਵਾਈ ਵਿਚ ਹੋਏ ਇਸ ਸਵਾਗਤ ਵਿਚ ਜਗਸ਼ੇਰ ਸਿੰਘ ਦੇ ਮਾਪੇ, ਰਿਸ਼ਤੇਦਾਰ, ਸਨੇਹੀ, ਬੈਡਮਿੰਟਨ ਖਿਡਾਰੀ, ਕੋਚ, ਐਸੋਸੀਏਸ਼ਨ ਦੇ ਅਧਿਕਾਰੀ ਵੱਡੀ ਗਿਣਤੀ ’ਚ ਹਾਜ਼ਰ ਸਨ। ਮੀਤ ਹੇਅਰ ਜੋ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਖ਼ੁਦ ਬੈਡਮਿੰਟਨ ਖਿਡਾਰੀ ਵੀ ਹਨ, ਨੇ ਜਗਸ਼ੇਰ ਸਿੰਘ ਖੰਗੂੜਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਪੰਜਾਬ ਦਾ ਪਹਿਲਾ ਅਤੇ ਦੇਸ਼ ਦਾ ਨੌਵਾਂ ਬੈਡਮਿੰਟਨ ਖਿਡਾਰੀ ਹੈ, ਜਿਸ ਨੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਕੋਈ ਤਗ਼ਮਾ ਜਿੱਤਿਆ। ਮਿਸਰ ਵਿਖੇ ਭਾਰਤੀ ਬੈਡਮਿੰਟਨ ਟੀਮ ਵੱਲੋਂ ਇਹੋ ਇਕਲੌਤਾ ਤਗ਼ਮਾ ਜਿੱਤਿਆ ਗਿਆ। ਮੀਤ ਹੇਅਰ ਨੇ ਕਿਹਾ ਕਿ ਜਗਸ਼ੇਰ ਛੋਟੀ ਉਮਰ ਤੋਂ ਬਿਹਤਰ ਖੇਡਦਾ ਆ ਰਿਹਾ ਹੈ ਅਤੇ 17 ਵਰ੍ਹਿਆਂ ਦੀ ਉਮਰੇ ਅੰਡਰ 19 ਟੂਰਨਾਮੈਂਟ ਵਿਚ ਤਗ਼ਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਹੁਣ ਬੈਡਮਿੰਟਨ ਖੇਡ ਦੀ ਹੱਬ ਬਣਦਾ ਜਾ ਰਿਹਾ ਹੈ। ਧਰੁਵ ਕਪਿਲਾ, ਤਨਵੀ ਸ਼ਰਮਾ ਤੇ ਹੁਣ ਜਗਸ਼ੇਰ ਸਿੰਘ ਖੰਗੂੜਾ ਪੰਜਾਬ ਦੀ ਬੈਡਮਿੰਟਨ ਦਾ ਸੁਨਹਿਰੀ ਭਵਿੱਖ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ’ਚ ਖੇਡ ਪੱਖੀ ਮਾਹੌਲ ਸਿਰਜਿਆ ਗਿਆ ਹੈ, ਜਿਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ। ਪੰਜਾਬ ਹੁਣ ਤੱਕ ਹਾਕੀ, ਐਥਲੈਟਿਕਸ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ ਤੇ ਕ੍ਰਿਕਟ ਲਈ ਜਾਣਿਆ ਜਾਂਦਾ ਸੀ ਅਤੇ ਹੁਣ ਬੈਡਮਿੰਟਨ ਖੇਡ ਇਸ ਲੜੀ ’ਚ ਜੁੜ ਗਈ ਹੈ। ਜਗਸ਼ੇਰ ਸਿੰਘ ਖੰਗੂੜਾ ਨੇ ਆਪਣੇ ਸਵਾਗਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਉਸ ਨੂੰ ਅਗਲੇ ਮੁਕਾਬਲਿਆਂ ਵਿਚ ਹੋਰ ਵਧੀਆ ਕਰਨ ਦੀ ਪ੍ਰੇਰਣਾ ਮਿਲੇਗੀ। ਜਗੇਸ਼ਰ ਸਿੰਘ ਖੰਗੂੜਾ ਨੇ ਕਿਹਾ ਕਿ ਮਿਸਰ ਵਿਖੇ ਇਸ ਵਾਰ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਅਗਲੀ ਵਾਰ ਉਹ ਤਗ਼ਮੇ ਦਾ ਰੰਗ ਬਦਲਣ ਲਈ ਸਖ਼ਤ ਮਿਹਨਤ ਕਰੇਗਾ। ਰਿਤਿਨ ਖੰਨਾ ਨੇ ਮੀਤ ਹੇਅਰ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਬੈਡਮਿੰਟਨ ਖਿਡਾਰੀਆਂ ਦਾ ਹੌਸਲਾ ਵਧਿਆ ਹੈ। ਇਸ ਮੌਕੇ ਜਗਸ਼ੇਰ ਦੇ ਪਿਤਾ ਮਨਪ੍ਰੀਤ ਸਿੰਘ, ਮਾਤਾ ਰਸ਼ਪਾਲ ਕੌਰ, ਭੈਣ ਡਾ. ਸਹਿਜ ਨੂਰ ਸਮੇਤ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।