ਪਾਰਕਿੰਗ ’ਚ ਲੱਗਿਆ ਵਾਟਰ ਕੂਲਰ ਬਣਿਆ 'ਚਿੱਟਾ ਹਾਥੀ', ਲੋਕ ਪੀਣ ਵਾਲੇ ਪਾਣੀ ਨੂੰ ਤਰਸੇ
ਪਾਰਕਿੰਗ ’ਚ ਲੱਗਿਆ ਵਾਟਰ ਕੂਲਰ ਬਣਿਆ 'ਚਿੱਟਾ ਹਾਥੀ', ਲੋਕ ਪੀਣ ਵਾਲੇ ਪਾਣੀ ਨੂੰ ਤਰਸੇ
Publish Date: Fri, 13 Feb 2026 05:33 PM (IST)
Updated Date: Fri, 13 Feb 2026 05:36 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਤਹਿਸੀਲ ਕੰਪਲੈਕਸ ਡੇਰਾਬੱਸੀ ਦੀ ਪਾਰਕਿੰਗ ’ਚ ਲੋਕਾਂ ਦੀ ਸਹੂਲਤ ਲਈ ਲਾਇਆ ਵਾਟਰ ਕੂਲਰ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਮਹਿਜ਼ ਇਕ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਪਏ ਇਸ ਵਾਟਰ ਕੂਲਰ ਕਾਰਨ ਤਹਿਸੀਲ ’ਚ ਆਪਣੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਅਤੇ ਵਕੀਲਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੇਰਾਬੱਸੀ ਤਹਿਸੀਲ ਕੰਪਲੈਕਸ ਵਿਚ ਅਦਾਲਤੀ ਕੰਮਾਂ ਲਈ ਰੋਜ਼ਾਨਾ ਸੈਂਕੜੇ ਲੋਕ ਇੱਥੇ ਪਹੁੰਚਦੇ ਹਨ, ਪਰ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਮਹਿੰਗੇ ਮੁੱਲ ਦੀਆਂ ਬੋਤਲਾਂ ਖ਼ਰੀਦਣੀਆਂ ਪੈ ਰਹੀਆਂ ਹਨ। ਵਕੀਲਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿਚ ਪਾਣੀ ਦੀ ਲੋੜ ਵਧ ਜਾਂਦੀ ਹੈ, ਪਰ ਕੰਪਲੈਕਸ ਵਿਚ ਲੱਗੀਆਂ ਮਸ਼ੀਨਾਂ ਸਿਰਫ਼ ਦਿਖਾਵੇ ਦੀਆਂ ਰਹਿ ਗਈਆਂ ਹਨ। ਸਥਾਨਕ ਲੋਕਾਂ ਅਤੇ ਵਕੀਲਾਂ ਨੇ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ। ਤਹਿਸੀਲ ਵਿਚ ਆਉਣ ਵਾਲੇ ਆਮ ਨਾਗਰਿਕਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਬਾਰ ਐਸੋਸੀਏਸ਼ਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਖ਼ਰਾਬ ਪਏ ਵਾਟਰ ਕੂਲਰ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਜਾਂ ਨਵਾਂ ਕੂਲਰ ਲਗਾਇਆ ਜਾਵੇ ਤਾਂ ਜੋ ਗਰਮੀ ਦੇ ਇਸ ਮੌਸਮ ਵਿਚ ਲੋਕਾਂ ਨੂੰ ਰਾਹਤ ਮਿਲ ਸਕੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਨਤਕ ਸਹੂਲਤਾਂ ਦੀ ਸਾਂਭ-ਸੰਭਾਲ ਵੱਲ ਉਚੇਚਾ ਧਿਆਨ ਦੇਵੇ ਤਾਂ ਜੋ ਟੈਕਸ ਭਰਨ ਵਾਲੀ ਜਨਤਾ ਨੂੰ ਬੁਨਿਆਦੀ ਸਹੂਲਤਾਂ ਲਈ ਖੱਜਲ-ਖੁਆਰ ਨਾ ਹੋਣਾ ਪਵੇ। ਜਦੋਂ ਇਸ ਬਾਰੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਜਲਦ ਹੀ ਵਾਟਰ ਕੂਲਰ ਨੂੰ ਠੀਕ ਕਰਵਾਕੇ ਪਾਣੀ ਦੀ ਸਪਲਾਈ ਨੂੰ ਬਹਾਲ ਕੀਤਾ ਜਾਵੇਗਾ।