ਕੂੜਾ ਪ੍ਰਬੰਧਨ: 20 ਕਰੋੜ ਨਾਲ ਬਣੇਗਾ ਨਵਾਂ ਪ੍ਰਬੰਧਨ ਢਾਂਚਾ ਕੂੜਾ ਪ੍ਰਬੰਧਨ: 20 ਕਰੋੜ ਨਾਲ ਬਣੇਗਾ ਨਵਾਂ ਪ੍ਰਬੰਧਨ ਢਾਂਚਾ
Publish Date: Fri, 02 Oct 2026 08:31 PM (IST)
Updated Date: Fri, 02 Oct 2026 08:31 PM (IST)
- ਸਮਗੌਲੀ ’ਚ ਕਚਰਾ ਪ੍ਰੋਸੈਸਿੰਗ ਪਲਾਂਟ ਲਗਾਉਣ ਦੀਆਂ ਤਿਆਰੀਆਂ ਤੇਜ਼ - ਮੁਹਾਲੀ ਦੀ ਜੂਹ ’ਚ ਪਿੰਡ ਬਲੌਂਗੀ, ਬਲਿਆਲੀ ਅਤੇ ਲਾਂਡਰਾਂ ’ਚ ਬਣਨਗੇ ਕੂੜਾ ਛੰਟਾਈ ਕੇਂਦਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਸ਼ਹਿਰ ਵਾਸੀਆਂ ਨੂੰ ਨੇੜ ਭਵਿੱਖ ਵਿਚ ਕੂੜਾ ਪ੍ਰਬੰਧਨ ਦੀ ਗੰਭੀਰ ਸਮੱਸਿਆ ਤੋਂ ਛੁਟਕਾਰਾ ਮਿਲਣ ਦੀ ਆਸ ਬੱਝ ਗਈ ਹੈ। ਇਸ ਦਿਸ਼ਾ ’ਚ ਮੁਹਾਲੀ ਨਗਰ ਨਿਗਮ ਵੱਲੋਂ ਠੋਸ ਕਦਮ ਚੁੱਕੇ ਗਏ ਹਨ। ਲਗਾਤਾਰ ਵਧ ਰਹੀ ਕੂੜੇ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਹੁਣ ਸਿਰਫ਼ ਘਰ-ਘਰ ਤੋਂ ਕੂੜਾ ਚੁੱਕਣ ਤੱਕ ਸੀਮਤ ਨਹੀਂ ਰਹੇਗਾ, ਸਗੋਂ ਕੂੜਾ ਕਲੈਕਸ਼ਨ, ਛੰਟਾਈ ਅਤੇ ਪ੍ਰੋਸੈਸਿੰਗ ਦਾ ਪੂਰਾ ਢਾਂਚਾ ਤਿਆਰ ਕਰਨ ਵੱਲ ਕਦਮ ਵਧਾ ਰਿਹਾ ਹੈ। ਮੁਹਾਲੀ ਨਿਗਮ ਨੇ ਵੱਖ-ਵੱਖ ਇਲਾਕਿਆਂ ’ਚ ਕਚਰਾ ਪ੍ਰਬੰਧਨ ਨਾਲ ਜੁੜੇ ਕਈ ਅਹਿਮ ਕੰਮਾਂ ਲਈ ਲਗਭਗ 20 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਹੈ। ਮੇਅਰ ਸਰਬਜੀਤ ਸਿੰਘ ਸਮਾਣਾ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਜਾਂ ਵਿਚ ਐਰੋਟ੍ਰੋਪੋਲਿਸ ਸਿਟੀ ਦੇ ਬਲਾਕ ‘ਬੀ’ ਅਤੇ ‘ਡੀ’ ਵਿਚ ਸੈਕੰਡਰੀ ਪੁਆਇੰਟ, ਪਿੰਡ ਸਮਗੌਲੀ ਵਿਚ ਕਚਰਾ ਪ੍ਰੋਸੈਸਿੰਗ ਪਲਾਂਟ ਅਤੇ ਮੁਹਾਲੀ ਦੀ ਜੂਹ ਵਿਚ ਪਿੰਡ ਬਲੌਂਗੀ ਅਤੇ ਬਲਿਆਲੀ ਅਤੇ ਲਾਂਡਰਾਂ ਵਿਚ ਕੂੜਾ ਇਕੱਠਾ ਕਰਨ ਅਤੇ ਛੰਟਾਈ ਲਈ ਸਿਵਲ ਵਰਕ ਸ਼ਾਮਲ ਹਨ। ਐਰੋਟ੍ਰੋਪੋਲਿਸ ਸਿਟੀ ਦੇ ਬਲਾਕ ‘ਬੀ’ਅਤੇ ‘ਡੀ’ ਵਿਚ ਠੋਸ ਕਚਰਾ ਪ੍ਰਬੰਧਨ ਲਈ ਵੱਖੋ-ਵੱਖ ਸੈਕੰਡਰੀ ਪੁਆਇੰਟ ਬਣਾਏ ਜਾਣਗੇ। ਇਨ੍ਹਾਂ ਥਾਵਾਂ ’ਤੇ ਇਲਾਕੇ ਤੋਂ ਇਕੱਠੇ ਕੀਤੇ ਕੂੜੇ ਨੂੰ ਸੁਚੱਜੇ ਢੰਗ ਨਾਲ ਰੱਖਣ ਦੀ ਵਿਵਸਥਾ ਕੀਤੀ ਜਾਵੇਗੀ, ਜਿਸ ਨਾਲ ਖੁੱਲ੍ਹੀਆਂ ਥਾਵਾਂ ਤੇ ਕੂੜਾ ਸੁੱਟਣ ਦੀ ਸਮੱਸਿਆ ਨੂੰ ਨੱਥ ਪਾਈ ਜਾ ਸਕੇਗੀ। ਨਗਰ ਨਿਗਮ ਦੀ ਇਸ ਪਹਿਲਕਦਮੀ ’ਚ ਖਾਸ ਗੱਲ ਇਹ ਹੈ ਕਿ ਸੈਕੰਡਰੀ ਪੁਆਇੰਟਾਂ ਦੇ ਨਾਲ-ਨਾਲ ਪ੍ਰੋਸੈਸਿੰਗ ਪਲਾਂਟ ਵੱਲ ਵੀ ਇਕ ਕਦਮ ਅੱਗੇ ਵਧਾਇਆ ਜਾ ਰਿਹਾ ਹੈ। ਜੇਕਰ ਇਹ ਯੋਜਨਾ ਤੈਅ ਸਮੇਂ ਅਨੁਸਾਰ ਮੁਕੰਮਲ ਹੁੰਦੀ ਹੈ, ਤਾਂ ਸ਼ਹਿਰ ਦੀ ਮੌਜੂਦਾ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਬਹੁਤ ਜ਼ਿਆਦਾ ਮਜ਼ਬੂਤੀ ਮਿਲੇਗੀ। ਬਾਕਸ : ਸਮਗੌਲੀ ’ਚ ਕਚਰਾ ਪ੍ਰੋਸੈਸਿੰਗ ਪਲਾਂਟ ਦੀ ਤਿਆਰੀ ਤੇਜ਼ ਮੁਹਾਲੀ ਵਿਚ ਕੂੜੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਗੰਭੀਰ ਸਮੱਸਿਆ ਦੇ ਪੱਕੇ ਹੱਲ ਲਈ ਨਗਰ ਨਿਗਮ ਨੇ ਪਿੰਡ ਸਮਗੌਲੀ ਵਿਚ ਠੋਸ ਕਚਰਾ ਪ੍ਰੋਸੈਸਿੰਗ ਪਲਾਂਟ ਲਗਾਉਣ ਦੀ ਦਿਸ਼ਾ ਵਿਚ ਕੰਮ ਸ਼ੁਰੂ ਕਰ ਦਿੱਤਾ ਹੈ। ਇੱਥੇ ਪਲਾਂਟ ਦੇ ਨਿਰਮਾਣ ਲਈ ਅਨੁਮਾਨ ਤਿਆਰ ਕੀਤਾ ਗਿਆ ਹੈ। ਇਸ ਪ੍ਰਸਤਾਵਿਤ ਪਲਾਂਟ ਦਾ ਮੁੱਖ ਉਦੇਸ਼ ਸ਼ਹਿਰ ਤੋਂ ਨਿਕਲਣ ਵਾਲੇ ਕੂੜੇ ਨੂੰ ਸਿਰਫ਼ ਡੰਪ ਕਰਨ ਦੀ ਬਜਾਏ, ਉਸ ਦੀ ਪ੍ਰੋਸੈਸਿੰਗ ਅਤੇ ਵੈਗਿਆਨਿਕ ਤਰੀਕੇ ਨਾਲ ਨਿਪਟਾਰਾ ਕਰਨਾ ਹੈ। ਸਮਗੌਲੀ ਪਲਾਂਟ ਦੇ ਤਿਆਰ ਹੋਣ ਨਾਲ ਕੂੜਾ ਸੰਗ੍ਰਹਿ ਕੇਂਦਰਾਂ ਤੋਂ ਅੱਗੇ ਪ੍ਰੋਸੈਸਿੰਗ ਤੱਕ ਪਹੁੰਚਾਉਣ ਦੀ ਵਿਵਸਥਾ ਹੋਰ ਸੁਚੱਜੀ ਹੋ ਜਾਵੇਗੀ। ਬਾਕਸ : ਮੁਹਾਲੀ ਦੇ ਤਿੰਨ ਪਿੰਡਾਂ ’ਚ ਬਣਨਗੇ ਸੰਗ੍ਰਹਿ ਅਤੇ ਛੰਟਾਈ ਕੇਂਦਰ ਮੁਹਾਲੀ ਦੀ ਜੂਹ ਵਿਚ ਪਿੰਡ ਬਲੌਂਗੀ, ਬਲਿਆਲੀ ਅਤੇ ਕਸਬਾ ਲਾਂਡਰਾਂ ਵਿਚ ਵੀ ਠੋਸ ਕਚਰਾ ਇਕੱਠਾ ਕਰਨ ਅਤੇ ਛੰਟਾਈ (ਸੈਗਰੀਗੇਸ਼ਨ) ਲਈ ਸੈਕੰਡਰੀ ਪੁਆਇੰਟਾਂ ਦੇ ਸਿਵਲ ਕੰਮਾਂ ਦਾ ਪ੍ਰਸਤਾਵ ਹੈ। ਇਨ੍ਹਾਂ ਕੇਂਦਰਾਂ ਵਿਚ ਕੂੜੇ ਨੂੰ ਅੱਗੇ ਭੇਜਣ ਤੋਂ ਪਹਿਲਾਂ ਉਸ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਅਤੇ ਸੁੱਕੇ-ਗਿੱਲੇ ਕੂੜੇ ਨੂੰ ਵੱਖੋ-ਵੱਖਰਾ ਕਰਨ ਦੀ ਵਿਵਸਥਾ ਬਣਾਈ ਜਾਵੇਗੀ। ਬਾਕਸ : ਮੁਹਾਲੀ ’ਚ ਕੂੜਾ ਪ੍ਰਬੰਧਨ ਨੂੰ ਸੁਚੱਜੇ ਢੰਗ ਨਾਲ ਹੱਲ ਕਰਨ ਲਈ ਕੂੜਾ ਇਕੱਠਾ ਕਰਨ ਤੋਂ ਲੈ ਕੇ ਛੰਟਾਈ ਅਤੇ ਪ੍ਰੋਸੈਸਿੰਗ ਤੱਕ ਦਾ ਪੂਰਾ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ। ਪਿੰਡ ਸਮਗੌਲੀ ’ਚ ਪ੍ਰੋਸੈਸਿੰਗ ਪਲਾਂਟ ਅਤੇ ਵੱਖੋ-ਵੱਖ ਇਲਾਕਿਆਂ ਵਿਚ ਸੈਕੰਡਰੀ ਪੁਆਇੰਟ ਬਣਨ ਨਾਲ ਕੂੜੇ ਦੇ ਵਿਗਿਆਨਿਕ ਨਿਪਟਾਰੇ ’ਚ ਵੱਡੀ ਮਦਦ ਮਿਲੇਗੀ। ਨਿਗਮ ਚੋਣਾਂ ਸਮੇਂ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਸਮੇਤ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਸੀ। ਇਸ ਦਿਸ਼ਾ ’ਚ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਆਉਂਦੇ ਦਿਨਾਂ ’ਚ ਚੰਗੇ ਨਤੀਜੇ ਸਾਹਮਣੇ ਆਉਣਗੇ ਅਤੇ ਲੋਕਾਂ ਨੂੰ ਪਿਛਲੀ ਟੀਮ ਅਤੇ ਮੌਜੂਦਾ ਟੀਮ ਦੇ ਕੰਮ ਕਰਨ ਦੇ ਢੰਗ ਤਰੀਕਿਆਂ ’ਚ ਵੱਡਾ ਫਰਕ ਅਤੇ ਬਦਲਾਅ ਨਜ਼ਰ ਆਵੇਗਾ। ਸਰਬਜੀਤ ਸਿੰਘ ਸਮਾਣਾ, ਮੇਅਰ, ਮੁਹਾਲੀ।