- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੂੜਾ ਪ੍ਰਬੰਧਨ ਦਾ ਮਾਮਲਾ ਭਖਿਆ, ਆਰਐੱਮਸੀ ਪੁਆਇੰਟ ਦੇ ਬਾਹਰ ਰੋਸ ਪ੍ਰਦਰਸ਼ਨ

-ਡੰਪਿੰਗ ਗਰਾਊਂਡ ਵਾਲੀ ਜ਼ਮੀਨ ਨੂੰ ਪਾਰਕ ਤੇ ਗਰੀਨ ਬੈਲਟ ਵਜੋਂ ਵਿਕਸਤ ਕਰਨ ’ਤੇ ਜ਼ੋਰ
-ਪੀਟੀਐੱਲ ਨੇੜਲੀਆਂ ਸਨਅਤੀ ਇਕਾਈਆਂ ਦੇ ਮਾਲਕ ਅਤੇ ਕਰਮਚਾਰੀ ਵੀ ਧੂੰਏਂ ਤੋਂ ਔਖੇ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਮਹਿੰਦਰ ਐਂਡ ਮਹਿੰਦਰ ਸਵਰਾਜ ਟਰੈਕਟਰ ਦੇ ਨੇੜੇ ਆਰਐੱਮਸੀ ਪੁਆਇੰਟ ਦੇ ਬਾਹਰ ਸੁੱਟੇ ਜਾ ਰਹੇ ਕੂੜੇ ਨੂੰ ਵਾਰ-ਵਾਰ ਅੱਗ ਲੱਗਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸ਼ਨਿਚਰਵਾਰ ਸਵੇਰੇ ਸ਼ਹਿਰ ਵਾਸੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਕੂੜੇ ਦੇ ਵੱਡੇ-ਵੱਡੇ ਢੇਰਾਂ ਤੋਂ ਉੱਠ ਰਹੀ ਬਦਬੂ ਅਤੇ ਵਾਰ-ਵਾਰ ਅੱਗ ਲੱਗਣ ਤੋਂ ਤੰਗ ਆ ਕੇ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਪੀਟੀਐੱਲ ਨੇੜਲੀਆਂ ਸਨਅੱਤੀ ਇਕਾਈਆਂ ਦੇ ਮਾਲਕ ਅਤੇ ਫੈਕਟਰੀਆਂ ਦੇ ਕਰਮਚਾਰੀ ਵੀ ਧੂੰਏਂ ਤੋਂ ਔਖੇ ਹਨ। ਸਾਬਕਾ ਕੌਂਸਲਰ ਅਸ਼ੋਕ ਝਾਅ ਅਤੇ ਅਰੁਣ ਸ਼ਰਮਾ ਨੇ ਮੰਗ ਕੀਤੀ ਕਿ ਇਸ ਜਗ੍ਹਾ ਤੋਂ ਕੂੜਾ ਪੂਰੀ ਤਰ੍ਹਾਂ ਹਟਾ ਕੇ ਇਸ ਜ਼ਮੀਨ ’ਤੇ ਪਾਰਕ ਅਤੇ ਗਰੀਨ ਬੈਲਟ ਵਿਕਸਤ ਕੀਤੀ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਗੰਦਗੀ ਤੋਂ ਨਿਜਾਤ ਮਿਲ ਸਕੇ ਅਤੇ ਸਾਫ਼-ਸੁਥਰਾ ਵਾਤਾਵਰਣ ਨਸੀਬ ਹੋ ਸਕੇ।
ਦੱਸ ਦਸੀਏ ਸ਼ੁੱਕਰਵਾਰ ਨੂੰ ਅਕਾਲੀ ਦਲ ਦੀ ਕੌਂਸਲਰ ਕੁਲਦੀਪ ਕੌਰ ਕੰਗ ਦੀ ਅਗਵਾਈ ਹੇਠ ਸਥਾਨਕ ਲੋਕਾਂ ਲੇ ਮੇਅਰ ਸਰਬਜੀਤ ਸਿੰਘ ਸਮਾਣਾ ਨਾਲ ਮੁਲਾਕਾਤ ਕਰਕੇ ਆਰਐੱਮਸੀ ਪੁਆਇੰਟ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟੇ ਜਾਣ ਦਾ ਮੁੱਦਾ ਚੁੱਕਿਆ ਸੀ। ਮੇਅਰ ਨੇ ਸ਼ਨਿੱਚਰਵਾਰ ਨੂੰ ਖ਼ੁਦ ਮੌਕੇ ਦਾ ਦੌਰਾ ਕਰਨ ਦਾ ਭਰੋਸਾ ਦਿੱਤਾ ਸੀ। ਮੇਅਰ ਦੇ ਨਾ ਪਹੁੰਚਣ ਕਾਰਨ ਲੋਕਾਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਧਰਨਾ ਲਗਾ ਦਿੱਤਾ।
ਫੇਜ਼-5 ਦੇ ਵਸਨੀਕ ਵਿਵੇਕ ਜੋਸ਼ੀ, ਰਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਉਸ਼ਾ ਸ਼ਾਹੀ ਨੇ ਕਿਹਾ ਕਿ ਇਸ ਖੇਤਰ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਨਰਕ ਭੋਗਣ ਲਈ ਮਜਬੂਰ ਹਨ। ਇੱਥੇ ਕੂੜੇ ਦੇ ਢੇਰਾਂ ਨੂੰ ਅਕਸਰ ਅੱਗ ਲੱਗ ਜਾਂਦੀ ਹੈ, ਜਿਸ ’ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਅਤੇ ਬਦਬੂ ਆਸ-ਪਾਸ ਰਹਿਣ ਵਾਲੇ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਹੁਣ ਕਿਸੇ ਵੀ ਕੀਮਤ ’ਤੇ ਇੱਥੇ ਕੂੜਾ ਨਹੀਂ ਸੁੱਟਣ ਦਿੱਤਾ ਜਾਵੇਗਾ। ਲੋਕਾਂ ਨੂੰ ਹੁਣ ਝੂਠੇ ਲਾਰੇ ਨਹੀਂ ਬਲਕਿ ਇਸ ਸਮੱਸਿਆ ਦਾ ਪੱਕਾ ਹੱਲ ਚਾਹੀਦਾ ਹੈ।
ਬਾਕਸ :
ਸਾਬਕਾ ਮੇਅਰ ਜੀਤੀ ਸਿੱਧੂ, ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਭਾਜਪਾ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਆਭਾ ਬਾਂਸਲ, ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ, ਸਾਬਕਾ ਕੌਂਸਲਰ ਜਗਦੀਸ਼ ਸਿੰਘ ਸਮੇਤ ਹੋਰ ਪਤਵੰਤੇ ਵੀ ਧਰਨੇ ’ਚ ਸ਼ਾਮਲ ਹੋਏ। ਇਨ੍ਹਾਂ ਸਾਰਿਆਂ ਨੇ ਸਥਾਨਕ ਲੋਕਾਂ ਦੀ ਇਸ ਮੰਗ ਦਾ ਸਮਰਥਨ ਕਰਦਿਆਂ ਨਿਗਮ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਬਾਕਸ :
ਧਰਨੇ ’ਤੇ ਬੈਠੇ ਲੋਕਾਂ ਨੇ ਇੱਕਸੁਰ ਹੋ ਕੇ ਮੰਗ ਕੀਤੀ ਕਿ ਆਰਐੱਮਸੀ ਪੁਆਇੰਟ ਦੇ ਬਾਹਰੋਂ ਕੂੜੇ ਨੂੰ ਹਟਾਇਆ ਅਤੇ ਇਸ ਜਗ੍ਹਾ ’ਤੇ ਆਧੁਨਿਕ ਪਾਰਕ ਅਤੇ ਗਰੀਨ ਬੈਲਟ ਵਿਕਸਤ ਕੀਤੀ ਜਾਵੇ। ਇਸ ਨਾਲ ਨਾ ਸਿਰਫ਼ ਹਰਿਆਲੀ ਵਧੇਗੀ, ਸਗੋਂ ਲੋਕਾਂ ਨੂੰ ਸੈਰ ਕਰਨ ਅਤੇ ਸਾਹ ਲੈਣ ਲਈ ਸ਼ੁੱਧ ਵਾਤਾਵਰਣ ਮਿਲੇਗਾ। ਲੋਕਾਂ ਦਾ ਕਹਿਣਾ ਹੈ ਕਿ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਅਤੇ ਸਨਅਤੀ ਖੇਤਰ ਦੇ ਨੇੜੇ ਕੂੜਾ ਇਕੱਠਾ ਕਰਨ ਦੀ ਥਾਂ ਇੱਥੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਠੋਸ ਕਦਮ ਚੁੱਕੇ ਜਾਣ।