ਮੁਲਾਜ਼ਮਾਂ ਨਾਲ ਟਕਰਾਅ 'ਤੇ ਵੜਿੰਗ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਬੋਲੇ- ਕਾਰਵਾਈ ਕੀਤੀ ਤਾਂ ਛੇ ਮਹੀਨੇ ਪਹਿਲਾਂ ਚਲੀ ਜਾਵੇਗੀ ਸਰਕਾਰ
ਪੰਜਾਬ ਸਰਕਾਰ 'ਤੇ ਵਾਅਦਿਆਂ ਤੋਂ ਪਿੱਛੇ ਹਟਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਓਲਡ ਪੈਨਸ਼ਨ ਸਕੀਮ ਨੂੰ ਲੈ ਕੇ ਸਵਾਲ ਕੀਤਾ ਕਿ ਜੇਕਰ ਇਸ ਨੂੰ ਲਾਗੂ ਕਰਨ ਦੀ ਮਨਸ਼ਾ ਨਹੀਂ ਸੀ ਤਾਂ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ ਗਿਆ। ਉਨ੍ਹਾਂ ਸਰਕਾਰ ਨੂੰ ਮੁਲਾਜ਼ਮਾਂ ਨਾਲ ਟਕਰਾਅ ਤੋਂ ਬਚਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦਾ ਕੰਮਕਾਜ ਮੁਲਾਜ਼ਮਾਂ ਤੋਂ ਬਿਨਾਂ ਠੱਪ ਹੋ ਜਾਵੇਗਾ।
Publish Date: Mon, 31 Aug 2026 11:16 AM (IST)
Updated Date: Mon, 31 Aug 2026 11:18 AM (IST)
ਸਟਾਫ਼ ਰਿਪੋਰਟਰ, ਚੰਡੀਗੜ੍ਹ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਕਾਇਆ ਮਹਿੰਗਾਈ ਭੱਤੇ ਅਤੇ ਪੁਰਾਣੀ ਪੈਨਸ਼ਨ ਸਕੀਮ (OPS) ਦੀ ਬਹਾਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਰਕਾਰੀ ਮੁਲਾਜ਼ਮਾਂਦੇ ਸਮਰਥਨ ’ਚ ਆਵਾਜ਼ ਉਠਾਈ ਹੈ। ਆਪਣੇ ਲਾਈਵ ਸੰਵਾਦ ਪ੍ਰੋਗਰਾਮ ‘ਵੜਿੰਗ ਵਿਦ ਵਾਰੀਅਰਜ਼’ ਦੇ ਚੌਥੇ ਸੈਸ਼ਨ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਇਸ ਦੇ ਵਰਕਰ ਮੁਲਾਜ਼ਮਾਂ ਨੂੰ ਇਨਸਾਫ਼ ਮਿਲਣ ਤੱਕ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।
ਵੜਿੰਗ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਉਹ ਸਰਕਾਰ ਤੋਂ ਕੋਈ ਵਿਸ਼ੇਸ਼ ਰਿਆਇਤ ਨਹੀਂ, ਸਗੋਂ ਆਪਣਾ ਹੱਕ ਮੰਗ ਰਹੇ ਹਨ। ਉਨ੍ਹਾਂ ਕਿਹਾ— "ਜੋ ਲੜਦੇ ਹਨ, ਉਹ ਹੀ ਜਿੱਤਦੇ ਹਨ।"
ਪੰਜਾਬ ਸਰਕਾਰ 'ਤੇ ਵਾਅਦਿਆਂ ਤੋਂ ਪਿੱਛੇ ਹਟਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਓਲਡ ਪੈਨਸ਼ਨ ਸਕੀਮ ਨੂੰ ਲੈ ਕੇ ਸਵਾਲ ਕੀਤਾ ਕਿ ਜੇਕਰ ਇਸ ਨੂੰ ਲਾਗੂ ਕਰਨ ਦੀ ਮਨਸ਼ਾ ਨਹੀਂ ਸੀ ਤਾਂ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ ਗਿਆ। ਉਨ੍ਹਾਂ ਸਰਕਾਰ ਨੂੰ ਮੁਲਾਜ਼ਮਾਂ ਨਾਲ ਟਕਰਾਅ ਤੋਂ ਬਚਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦਾ ਕੰਮਕਾਜ ਮੁਲਾਜ਼ਮਾਂ ਤੋਂ ਬਿਨਾਂ ਠੱਪ ਹੋ ਜਾਵੇਗਾ।
ਵੜਿੰਗ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਕਾਰਵਾਈ ਦੀ ਧਮਕੀ ਦੇ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਕਿਹਾ, “ਜੇਕਰ ਹਿੰਮਤ ਹੈ ਤਾਂ ਕਾਰਵਾਈ ਕਰਕੇ ਦੇਖੋ... ਤੁਹਾਡੀ ਸਰਕਾਰ ਛੇ ਮਹੀਨੇ ਪਹਿਲਾਂ ਹੀ ਚਲੀ ਜਾਵੇਗੀ।” ਉਨ੍ਹਾਂ ਯਾਦ ਦਿਵਾਇਆ ਕਿ 2022 ’ਚ ਇਨ੍ਹਾਂ ਹੀ ਮੁਲਾਜ਼ਮਾਂ ਨੇ 'ਆਪ' (AAP) ਨੂੰ ਸੱਤਾ ਵਿੱਚ ਲਿਆਉਣ ਲਈ ਅਹਿਮ ਭੂਮਿਕਾ ਨਿਭਾਈ ਸੀ।
ਵਿੱਤੀ ਤਰਜੀਹਾਂ 'ਤੇ ਵੜਿੰਗ ਦੇ ਤਿੱਖੇ ਸਵਾਲ
ਵੜਿੰਗ ਨੇ ਸਰਕਾਰ ਦੀਆਂ ਵਿੱਤੀ ਤਰਜੀਹਾਂ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਮੁਲਾਜ਼ਮਾਂ ਦੇ ਲਗਪਗ 14,000 ਕਰੋੜ ਰੁਪਏ ਦੇ ਬਕਾਏ ਅਤੇ ਲਾਭ ਨਾ ਦੇਣ ਅਤੇ 25,000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਕਥਿਤ ਤੌਰ 'ਤੇ 341 ਕਰੋੜ ਰੁਪਏ ਸਲਾਹਕਾਰਾਂ 'ਤੇ ਖਰਚਣ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ 2022 ਵਿੱਚ ਲਗਪਗ 2.85 ਲੱਖ ਕਰੋੜ ਰੁਪਏ ਦਾ ਕਰਜ਼ਾ ਹੁਣ ਵਧ ਕੇ ਲਗਪਗ 4.48 ਲੱਖ ਕਰੋੜ ਰੁਪਏ ਹੋ ਗਿਆ ਹੈ।
ਪੰਜਾਬ ਦੀ ਨਵੀਂ ਉਮੀਦ ਹਨ ਰਾਹੁਲ
ਵੜਿੰਗ ਨੇ ਮਾਲਵਾ ਨਹਿਰ, ਨਵੇਂ ਮੈਡੀਕਲ ਕਾਲਜਾਂ ਅਤੇ ਸਕੂਲਾਂ-ਕਾਲਜਾਂ ਨਾਲ ਜੁੜੇ ਵਾਅਦਿਆਂ 'ਤੇ ਵੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਮਾਨ ਸਰਕਾਰ ਨੂੰ ਹਟਾਉਣ ਅਤੇ ਸਥਿਰ ਸਰਕਾਰ ਲਈ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ।
ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਵੜਿੰਗ ਨੇ ਉਨ੍ਹਾਂ ਨੂੰ “ਭਾਰਤ ਦੀ ਨਵੀਂ ਉਮੀਦ ਅਤੇ ਪੰਜਾਬ ਦੀ ਨਵੀਂ ਉਮੀਦ” ਦੱਸਿਆ। ਉਨ੍ਹਾਂ ਕਿਹਾ ਕਿ ਰਾਹੁਲ ਤਮਾਮ ਮੁਸ਼ਕਲਾਂ ਦੇ ਬਾਵਜੂਦ ਸੰਘਰਸ਼ ਕਰਦੇ ਰਹੇ ਅਤੇ ਕਾਂਗਰਸ ਵਰਕਰਾਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਲੜਾਈ ਜਾਰੀ ਰੱਖਣੀ ਚਾਹੀਦੀ ਹੈ।