ਵ੍ਹੀਲਚੇਅਰ ’ਤੇ ਜਾ ਰਹੇ ਦਿਵਿਆਂਗ ਤੋਂ ਦਿਨ-ਦਿਹਾੜੇ ਪਰਸ ਖੋਹਿਆ ਵ੍ਹੀਲਚੇਅਰ 'ਤੇ ਜਾ ਰਹੇ ਦਿਵਿਆਂਗ ਤੋਂ ਦਿਨ-ਦਿਹਾੜੇ ਪਰਸ ਖੋਹਿਆ
Publish Date: Wed, 09 Sep 2026 09:34 PM (IST)
Updated Date: Wed, 09 Sep 2026 09:34 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਸ਼ਹਿਰ ਵਿਚ ਅਪਰਾਧੀਆਂ ਅਤੇ ਸਨੈਚਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਦਿਵਿਆਂਗ ਵਿਅਕਤੀ ਵੀ ਸੜਕਾਂ ਤੇ ਸੁਰੱਖਿਅਤ ਨਹੀਂ ਹਨ। ਦਿਨ-ਦਿਹਾੜੇ ਵਾਪਰੀ ਇਕ ਸ਼ਰਮਨਾਕ ਘਟਨਾ ਵਿਚ ਦੋ ਅਣਪਛਾਤੇ ਬਾਈਕ ਸਵਾਰ ਝਪਟਮਾਰਾਂ ਨੇ ਵ੍ਹੀਲਚੇਅਰ ਤੇ ਜਾ ਰਹੇ ਇਕ ਦਿਵਿਆਂਗ ਇੰਸਟੀਚਿਊਟ ਸੰਚਾਲਕ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਅਤੇ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਜਨੈਰਲ ਇਨਕਲੇਵ ਦੀ ਇਕ ਗਲੀ ਵਿਚ ਵਾਪਰੀ। ਪਾਲਮ ਇਨਕਲੇਵ ਦੇ ਰਹਿਣ ਵਾਲੇ ਪੀੜਤ ਸੁਰਿੰਦਰ ਪਾਲ, ਜੋ ਕਿ ਪੇਸ਼ੇ ਤੋਂ ਇੰਸਟੀਚਿਊਟ ਸੰਚਾਲਕ ਹਨ ਅਤੇ ਸ਼ਰੀਰਿਕ ਤੌਰ ਤੇ ਦਿਵਿਆਂਗ ਹਨ, ਆਪਣੇ ਘਰੋਂ ਵ੍ਹੀਲਚੇਅਰ ਤੇ ਨਿਕਲੇ ਸਨ। ਜਦੋਂ ਉਹ ਬਿਜਲੀ ਦਫ਼ਤਰ ਵਾਲੀ ਗਲੀ ਤੋਂ ਲੰਘ ਰਹੇ ਸਨ, ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆਏ ਦੋ ਬਾਈਕ ਸਵਾਰ ਨੌਜਵਾਨਾਂ ਨੇ ਝਪੱਟਾ ਮਾਰ ਕੇ ਉਨ੍ਹਾਂ ਦੇ ਹੱਥੋਂ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਸੁਰਿੰਦਰ ਪਾਲ ਨੇ ਦੱਸਿਆ ਕਿ ਖੋਹੇ ਗਏ ਪਰਸ ਵਿਚ 4 ਤੋਂ 5 ਹਜ਼ਾਰ ਰੁਪਏ ਦੀ ਨਕਦੀ, ਇਕ ਮੋਬਾਈਲ ਫ਼ੋਨ, ਬਲੂਟੁੱਥ ਹੈੱਡਫ਼ੋਨ, ਕ੍ਰੈਡਿਟ ਕਾਰਡ, ਆਧਾਰ ਕਾਰਡ, ਪੈੱਨ ਕਾਰਡ ਅਤੇ ਉਨ੍ਹਾਂ ਦਾ ਅਹਿਮ ਦਿਵਿਆਂਗਤਾ ਪ੍ਰਮਾਣ ਪੱਤਰ (ਡਿਸੇਬਿਲਟੀ ਕਾਰਡ) ਮੌਜੂਦ ਸੀ। ਵਾਰਦਾਤ ਤੋਂ ਬਾਅਦ ਉਨ੍ਹਾਂ ਆਸ-ਪਾਸ ਦੇ ਲੋਕਾਂ ਅਤੇ ਆਪ ਆਗੂ ਅਮਨ ਦੀ ਮਦਦ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਲੁਟੇਰਿਆਂ ਦੁਆਰਾ ਵਰਤਿਆ ਗਿਆ ਮੋਟਰਸਾਈਕਲ ਵੀ ਚੋਰੀ ਦਾ ਸੀ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਇਹ ਵਾਰਦਾਤ ਪੂਰੀ ਯੋਜਨਾਬੰਦੀ ਨਾਲ ਕੀਤੀ ਗਈ ਸੀ। ਪੁਲਿਸ ਦੀ ਢਿੱਲੀ ਕਾਰਵਾਈ ਤੋਂ ਲੋਕਾਂ ’ਚ ਰੋਸ : ਪੀੜਤ ਦਾ ਦੋਸ਼ ਹੈ ਕਿ ਘਟਨਾ ਦੀ ਤੁਰੰਤ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੂੰ ਇਨਸਾਫ਼ ਲਈ ਥਾਣੇ ਦੇ ਗੇੜੇ ਮਾਰਨੇ ਪੈ ਰਹੇ ਹਨ। ਸਥਾਨਕ ਨਿਵਾਸੀਆਂ ਨੇ ਜ਼ੀਰਕਪੁਰ ਵਿਚ ਲਗਾਤਾਰ ਵੱਧ ਰਹੀਆਂ ਸਨੈਚਿੰਗ ਦੀਆਂ ਘਟਨਾਵਾਂ ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿਚ ਗਸ਼ਤ ਵਧਾਉਣ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।