ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਤੋਂ ਕਰਵਾਇਆ ਜਾਣੂ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵੋਟਰ ਰਜਿਸਟਰੇਸ਼ਨ ਅਤੇ ਜਾਗਰੂਕਤਾ ਮੁਹਿੰਮ,
Publish Date: Thu, 08 Oct 2026 08:53 PM (IST)
Updated Date: Thu, 08 Oct 2026 08:56 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਯੋਗ ਵਿਦਿਆਰਥੀਆਂ ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਅਤੇ ਵੋਟ ਦੇ ਮਹੱਤਵ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਿਸਟੇਮੈਟਿਕ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਪ੍ਰੋਗਰਾਮ ਤਹਿਤ ਵੋਟਰ ਨਾਮਾਂਕਣ ਅਤੇ ਜਾਗਰੂਕਤਾ ਮੁਹਿੰਮ ਕਰਵਾਈ ਗਈ। ਇਹ ਪ੍ਰੋਗਰਾਮ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਅਗਵਾਈ ਅਤੇ ਸਹਿਯੋਗ ਹੇਠ ਸੰਸਥਾ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਦੀ ਮਹੱਤਤਾ, ਚੋਣ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਲੋਕਤੰਤਰੀ ਪ੍ਰਕਿਰਿਆ ਵਿਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ ਗਿਆ। ਜ਼ਿਲ੍ਹਾ ਨੋਡਲ ਅਫ਼ਸਰ, ਸਵੀਪ, ਇੰਜੀਨੀਅਰ ਗੁਰਬਖ਼ਸ਼ੀਸ਼ ਸਿੰਘ ਅੰਟਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਵੋਟ ਦੀ ਮਹੱਤਤਾ ਨੂੰ ਸਮਝਣ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਚੋਣ ਪ੍ਰਕਿਰਿਆ ਵਿਚ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਲਈ ਕਿਹਾ। ਵੱਖ-ਵੱਖ ਸੈਸ਼ਨਾਂ ’ਚ ਕਰਵਾਈ ਗਈ ਇਸ ਮੁਹਿੰਮ ਵਿਚ ਇੰਜੀਨੀਅਰਿੰਗ, ਨਰਸਿੰਗ, ਫਾਰਮੇਸੀ, ਸਹਾਇਕ ਸਿਹਤ ਵਿਗਿਆਨ ਅਤੇ ਪ੍ਰਬੰਧਨ ਸਮੇਤ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਇੰਜੀਨੀਅਰ ਗੁਰਬਖ਼ਸ਼ੀਸ਼ ਸਿੰਘ ਅੰਟਾਲ ਨੇ ਵਿਦਿਆਰਥੀਆਂ ਨੂੰ ਵੋਟਰ ਨਾਮਾਂਕਣ, ਚੋਣ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਅਤੇ ਚੋਣਾਂ ਵਿਚ ਸੂਝਵਾਨ ਤੇ ਸਰਗਰਮ ਭਾਗੀਦਾਰੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਵੀਪ ਕੋਆਰਡੀਨੇਟਰ, ਡੇਰਾਬੱਸੀ, ਸ੍ਰੀਮਤੀ ਰੂਮਾ ਰਾਣੀ ਅਤੇ ਬੂਥ ਲੈਵਲ ਅਫ਼ਸਰ ਸ੍ਰੀਮਤੀ ਪੂਨਮ ਨੇ ਵਿਦਿਆਰਥੀਆਂ ਨੂੰ ਈਸੀਆਈ ਨੈੱਟ ਐੱਪ ਰਾਹੀਂ ਆਨਲਾਈਨ ਵੋਟਰ ਰਜਿਸਟਰੇਸ਼ਨ ਦੀ ਪ੍ਰਕਿਰਿਆ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਮਾਰਗਦਰਸ਼ਨ ਦਿੱਤਾ। ਮੁਹਿੰਮ ਦੌਰਾਨ 193 ਵਿਦਿਆਰਥੀਆਂ ਨੂੰ ਯੋਗ/ਰਜਿਸਟਰਡ ਵੋਟਰ ਵਜੋਂ ਦਰਜ ਕੀਤਾ ਗਿਆ, ਜੋ ਨੌਜਵਾਨਾਂ ਵਿਚ ਚੋਣ ਜਾਗਰੂਕਤਾ ਅਤੇ ਲੋਕਤੰਤਰੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਸੰਸਥਾ ਵੱਲੋਂ ਸਵੀਪ ਟੀਮ, ਚੋਣ ਅਧਿਕਾਰੀਆਂ, ਬੂਥ ਲੈਵਲ ਅਫ਼ਸਰਾਂ, ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ’ਚ ਨੌਜਵਾਨਾਂ ਵਿਚ ਵੋਟਰ ਜਾਗਰੂਕਤਾ, ਚੋਣ ਸਾਖ਼ਰਤਾ ਅਤੇ ਜ਼ਿੰਮੇਵਾਰ ਨਾਗਰਿਕ ਭਾਗੀਦਾਰੀ ਨੂੰ ਲਗਾਤਾਰ ਉਤਸ਼ਾਹਤ ਕਰਨ ਦਾ ਸੰਕਲਪ ਲਿਆ ਗਿਆ।