ਸੜਕ 'ਤੇ ਖੱਡਿਆਂ ਤੋਂ ਦੁਖੀ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ ਸੜਕ 'ਤੇ ਖੱਡਿਆਂ ਤੋਂ ਦੁਖੀ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ,
Publish Date: Fri, 09 Oct 2026 07:30 PM (IST)
Updated Date: Fri, 09 Oct 2026 07:32 PM (IST)
-ਓਵਰਲੋਡ ਵਾਹਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸੁੰਡਰਾ-ਹਰੀਪੁਰ ਹਿੰਦੂਆਂ ਲਿੰਕ ਰੋਡ ਦੀ ਬਦਹਾਲ ਹਾਲਤ ਅਤੇ ਹੌਟ ਮਿਕਸ ਪਲਾਂਟਾਂ ਨੂੰ ਜਾਣ ਵਾਲੇ ਓਵਰਲੋਡਿੰਗ ਟਿੱਪਰਾਂ ਦੀ ਆਵਾਜਾਈ ਤੋਂ ਪਰੇਸ਼ਾਨ ਪਿੰਡ ਵਾਸੀਆਂ ਨੇ ਰੋਸ ਜਤਾਉਂਦੇ ਹੋਏ ਸੜਕ ’ਤੇ ਚੱਕਾ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸੜਕ ਦੀ ਤੁਰੰਤ ਮੁਰੰਮਤ ਕਰਨ ਦੇ ਨਾਲ-ਨਾਲ ਭਾਰੀ ਵਾਹਨਾਂ ਦੀ ਓਵਰਲੋਡਿੰਗ ’ਤੇ ਰੋਕ ਲਗਾਉਣ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿਚ ਅੱਧੀ ਦਰਜਨ ਤੋਂ ਵੱਧ ਹੌਟ ਮਿਕਸ ਪਲਾਂਟ ਚੱਲ ਰਹੇ ਹਨ। ਇਨ੍ਹਾਂ ਪਲਾਂਟਾਂ ਲਈ ਕੱਚਾ ਮਾਲ ਅਤੇ ਉਸਾਰੀ ਸਮੱਗਰੀ ਲੈ ਕੇ ਦਿਨ-ਰਾਤ ਲੰਘਦੇ ਓਵਰਲੋਡਿੰਗ ਟਿੱਪਰਾਂ ਕਾਰਨ ਸੜਕ ਦੀ ਉੱਪਰਲੀ ਪਰਤ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਸੜਕ ਤੇ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਹਨ। ਇਹ ਮਾਰਗ ਕਈ ਨੇੜਲੇ ਪਿੰਡਾਂ ਨੂੰ ਜੋੜਨ ਵਾਲਾ ਮੁੱਖ ਰਸਤਾ ਹੈ। ਪ੍ਰਦਰਸ਼ਨਕਾਰੀਆਂ ਅਨੁਸਾਰ ਬਰਸਾਤ ਦੇ ਦਿਨਾਂ ਵਿਚ ਇਹ ਖੱਡੇ ਪਾਣੀ ਨਾਲ ਭਰ ਜਾਂਦੇ ਹਨ, ਜਿਸ ਨਾਲ ਡਰਾਈਵਰਾਂ ਨੂੰ ਖੱਡਿਆਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਸਬੰਧਤ ਵਿਭਾਗ ਨੂੰ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਕੋਈ ਪੁਖ਼ਤਾ ਹੱਲ ਨਹੀਂ ਕੱਢਿਆ ਗਿਆ। ਇਸ ਮੌਕੇ ਭੁਪਿੰਦਰ ਸਿੰਘ ਸੁੰਡਰਾ, ਰਾਜਨ, ਸੰਜੀਵ ਪੰਚ, ਦਿਲਾਵਰ ਸਿੰਘ, ਕਰਮਜੀਤ ਸਿੰਘ, ਕੁਲਦੀਪ ਸਿੰਘ, ਦਿਲਪ੍ਰੀਤ ਪੰਚ, ਅਮਰਿੰਦਰ ਸਿੰਘ, ਹੈਪੀ, ਦਲਜੀਤ ਸਿੰਘ, ਹਿੰਮਤ ਅਤੇ ਲਵੀ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵਿਰੋਧ ਕਿਸੇ ਉਦਯੋਗ ਦੇ ਖ਼ਿਲਾਫ਼ ਨਹੀਂ, ਸਗੋਂ ਓਵਰਲੋਡਿੰਗ ਟਿੱਪਰਾਂ ਕਾਰਨ ਆਮ ਜਨਤਾ ਨੂੰ ਹੋ ਰਹੀ ਖੱਜਲ-ਖੁਆਰੀ ਦੇ ਵਿਰੁੱਧ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸੜਕ ਦੀ ਮੁਰੰਮਤ ਨਾ ਕਰਵਾਈ ਅਤੇ ਓਵਰਲੋਡਿੰਗ ਵਾਹਨਾਂ ਤੇ ਕਾਰਵਾਈ ਨਾ ਕੀਤੀ, ਤਾਂ ਉਹ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।