ਸਬ-ਤਹਿਸੀਲ ਮਾਜਰੀ ਦੇ ਸਾਹਮਣੇ ਖੜ੍ਹੇ ਵਾਹਨ ਦੇ ਰਹੇ ਹਾਦਸਿਆਂ ਨੂੰ ਸੱਦਾ ਸਬ-ਤਹਿਸੀਲ ਮਾਜਰੀ ਦੇ ਸਾਹਮਣੇ ਖੜ੍ਹੇ ਵਾਹਨ ਦੇ ਰਹੇ ਹਾਦਸਿਆਂ ਨੂੰ ਸੱਦਾ
Publish Date: Wed, 14 Oct 2026 07:37 PM (IST)
Updated Date: Wed, 14 Oct 2026 07:39 PM (IST)
ਰੋਹਿਤ ਗੁਪਤਾ, ਪੰਜਾਬੀ ਜਾਗਰਣ ਮਾਜਰੀ : ਸਥਾਨਕ ਕਸਬਾ ਸਥਿਤ ਸਬ-ਤਹਿਸੀਲ ਮਾਜਰੀ ਦੇ ਸਾਹਮਣੇ ਬੱਦੀ-ਕੁਰਾਲੀ ਹਾਈਵੇ ’ਤੇ ਪਾਰਕਿੰਗ ਦੀ ਉਚਿਤ ਸਹੂਲਤ ਨਾ ਹੋਣ ਕਾਰਨ ਸੜਕ ਦੇ ਦੋਵੇਂ ਪਾਸੇ ਖੜ੍ਹੇ ਰਹਿੰਦੇ ਵਾਹਨ ਲੋਕਾਂ ਲਈ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਰੋਜ਼ਾਨਾ ਆਪਣੇ ਕੰਮਕਾਜ ਲਈ ਸਬ-ਤਹਿਸੀਲ ਮਾਜਰੀ ਵਿਖੇ ਆਉਣ ਵਾਲੇ ਲੋਕਾਂ ਵੱਲੋਂ ਆਪਣੀਆਂ ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨ ਸੜਕ ਦੇ ਕਿਨਾਰਿਆਂ ’ਤੇ ਖੜ੍ਹੇ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਹਾਈਵੇ ’ਤੇ ਆਵਾਜਾਈ ਲਈ ਉਪਲਬਧ ਜਗ੍ਹਾ ਹੋਰ ਘੱਟ ਜਾਂਦੀ ਹੈ। ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਲਾਈਨ ਲੱਗਣ ਕਾਰਨ ਬੱਦੀ ਅਤੇ ਕੁਰਾਲੀ ਵੱਲੋਂ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਕਈ ਵਾਰ ਅਚਾਨਕ ਬਰੇਕ ਲਗਾਉਣੀ ਪੈਂਦੀ ਹੈ ਜਾਂ ਆਪਣਾ ਰਸਤਾ ਬਦਲਣਾ ਪੈਂਦਾ ਹੈ। ਖ਼ਾਸ ਕਰਕੇ ਭਾਰੀ ਵਾਹਨਾਂ ਅਤੇ ਦੁਪਹੀਆ ਵਾਹਨ ਚਾਲਕਾਂ ਲਈ ਇਹ ਸਥਿਤੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਬ-ਤਹਿਸੀਲ ਵਿਚ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਪਣੇ ਸਰਕਾਰੀ ਕੰਮਾਂ ਲਈ ਪਹੁੰਚਦੇ ਹਨ, ਪਰ ਵਾਹਨ ਖੜ੍ਹੇ ਕਰਨ ਲਈ ਕੋਈ ਢੁੱਕਵਾਂ ਪਾਰਕਿੰਗ ਪ੍ਰਬੰਧ ਨਾ ਹੋਣ ਕਾਰਨ ਲੋਕ ਮਜਬੂਰੀਵੱਸ ਆਪਣੇ ਵਾਹਨ ਹਾਈਵੇ ਦੇ ਕਿਨਾਰੇ ਖੜ੍ਹੇ ਕਰਨੇ ਪੈਂਦੇ ਹਨ। ਇਸ ਨਾਲ ਇਕ ਪਾਸੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੂਜੇ ਪਾਸੇ ਮੁੱਖ ਸੜਕ ’ਤੇ ਟ੍ਰੈਫਿਕ ਵਿਵਸਥਾ ਵੀ ਪ੍ਰਭਾਵਿਤ ਹੁੰਦੀ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਬ-ਤਹਿਸੀਲ ਮਾਜਰੀ ਦੇ ਨੇੜੇ ਵਾਹਨਾਂ ਲਈ ਵਿਵਸਥਿਤ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ ਅਤੇ ਹਾਈਵੇ ਦੇ ਦੋਵੇਂ ਪਾਸੇ ਬੇਤਰਤੀਬ ਢੰਗ ਨਾਲ ਵਾਹਨ ਖੜ੍ਹੇ ਕਰਨ ’ਤੇ ਰੋਕ ਲਗਾਈ ਜਾਵੇ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਅਤੇ ਸਬੰਧਤ ਪ੍ਰਸ਼ਾਸਨ ਵੱਲੋਂ ਇਸ ਥਾਂ ਦਾ ਨਿਰੀਖਣ ਕਰਕੇ ਹਾਦਸਿਆਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਰਸਤਾ ਮੁੱਖ ਤੌਰ ’ਤੇ ਪੀਜੀਆਈ ਚੰਡੀਗੜ੍ਹ ਨੂੰ ਜਾਂਦਾ ਹੈ। ਇਸ ਸੜਕ ’ਤੇ ਹਰ ਮਿੰਟ ਐਂਬੂਲੈਂਸਾਂ ਲੰਘਦੀਆਂ ਹਨ, ਜਿਸ ਕਾਰਨ ਇਹ ਸੜਕ ਹਰ ਸਮੇਂ ਖਾਲੀ ਰਹਿਣੀ ਚਾਹੀਦੀ ਹੈ। ਜਦਕਿ ਇਹ ਟੋਲ ਰੋਡ ਵੀ ਹੈ ਪਰ ਟੋਲ ਕੰਪਨੀ ਵੀ ਇਸ ਰੋਡ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਅਸਮਰੱਥ ਜਾਪਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ’ਤੇ ਪਹਿਲਾਂ ਵੀ ਕਈ ਜਾਨਾਂ ਜਾ ਚੁੱਕੀਆਂ ਹਨ, ਜੇਕਰ ਸਮੇਂ ਸਿਰ ਪਾਰਕਿੰਗ ਅਤੇ ਟ੍ਰੈਫਿਕ ਪ੍ਰਬੰਧਨ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।