ਵੀਆਈਪੀ ਸਿਟੀ ਮੁਹਾਲੀ 'ਚ ਵਾਹਨ ਪਾਰਕਿੰਗ ਦੀ ਸਮੱਸਿਆ ਗੰਭੀਰ ਵੀਆਈਪੀ ਸਿਟੀ ਮੁਹਾਲੀ 'ਚ ਵਾਹਨ ਪਾਰਕਿੰਗ ਦੀ ਸਮੱਸਿਆ ਗੰਭੀਰ
Publish Date: Mon, 21 Sep 2026 09:15 PM (IST)
Updated Date: Tue, 22 Sep 2026 04:09 AM (IST)
ਸੜਕਾਂ ਬਣੀਆਂ ਵਾਹਨ ਪਾਰਕਿੰਗ, ਆਵਾਜਾਈ ਪ੍ਰਭਾਵਿਤ, ਲੋਕ ਪ੍ਰੇਸ਼ਾਨ ਵਿਧਾਇਕ ਕੁਲਵੰਤ ਸਿੰਘ ਨੇ ਵੀ ਵਿਧਾਨ ਸਭਾ ’ਚ ਚੁੱਕਿਆ ਸੀ ਮੁੱਦਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਵੀਆਈਪੀ ਸ਼ਹਿਰ ਮੁਹਾਲੀ ’ਚ ਵਾਹਨ ਪਾਰਕਿੰਗ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਪਾਰਕਿੰਗ ਲਈ ਢੁਕਵੀਂ ਥਾਂ ਨਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਜਿਸ ਕਾਰਨ ਆਮ ਸ਼ਹਿਰੀਆਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ, ਸਿੱਖਿਆ ਭਵਨ, ਪੁੱਡਾ-ਗਮਾਡਾ ਦਫ਼ਤਰ, ਵਿਕਾਸ ਭਵਨ ਅਤੇ ਫੋਰਟਿਸ ਹਸਪਤਾਲ ਸਮੇਤ ਹੋਰ ਕਈ ਥਾਵਾਂ ’ਤੇ ਸੜਕਾਂ ਵਾਹਨ ਪਾਰਕਿੰਗ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਵਿਚ ਇਹ ਮੁੱਦਾ ਦੋ ਵਾਰ ਚੁੱਕਿਆ ਗਿਆ ਹੈ ਲੇਕਿਨ ਹੁਣ ਤੱਕ ਇਸ ਮਸਲੇ ਦਾ ਸਥਾਈ ਹੱਲ ਨਹੀਂ ਹੋਇਆ। ਉਪਰੋਕਤ ਅਦਾਰਿਆਂ ਦੇ ਬਾਹਰ ਸੜਕ ਦੇ ਦੋਵੇਂ ਪਾਸੇ ਵਾਹਨ ਪਾਰਕਿੰਗ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸਨਅਤੀ ਏਰੀਆ ਫੇਜ਼-7 ਤੋਂ ਸ਼ਾਹੀਮਾਜਰਾ ਨੂੰ ਜਾਂਦੀ ਮੁੱਖ ਸੜਕ ਤੇ ਸਥਿਤੀ ਕਾਫ਼ੀ ਖਰਾਬ ਹੈ। ਇੱਥੇ ਮਹਿੰਦਰਾ ਐਂਡ ਮਹਿੰਦਰਾ ਦੀ ਇਕ ਏਜੰਸੀ ਵੱਲੋਂ ਨਵੇਂ ਅਤੇ ਪੁਰਾਣੇ ਵਾਹਨਾਂ ਨੂੰ ਸੜਕ ਕਿਨਾਰੇ ਅਤੇ ਨਾਲ ਲੱਗਦੀ ਖਾਲੀ ਥਾਂ ਤੇ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਕਾਰਨ ਰਾਹਗੀਰਾਂ ਨੂੰ ਜਾਮ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਇੰਜ ਹੀ ਆਈਟੀ ਸਿਟੀ ਤੋਂ ਅਮੇਟੀ ਯੂਨੀਵਰਸਿਟੀ ਵੱਲ ਜਾਣ ਵਾਲੀ ਸੜਕ ਉੱਤੇ ਵੀ ਬਾਹਰ ਗੱਡੀਆਂ ਦੀ ਬੇਤਰਤੀਬ ਪਾਰਕਿੰਗ ਕਾਰਨ ਵੱਡਾ ਦਬਾਅ ਬਣਿਆ ਹੋਇਆ ਹੈ। ਸਵੇਰੇ ਅਤੇ ਸ਼ਾਮ ਸਮੇਂ ਸੜਕ ਦੇ ਦੋਵੇਂ ਪਾਸੇ ਵਾਹਨ ਖੜ੍ਹੇ ਹੋਣ ਕਾਰਨ ਟ੍ਰੈਫ਼ਿਕ ਦੀ ਰਫ਼ਤਾਰ ਬਹੁਤ ਧੀਮੀ ਹੋ ਜਾਂਦੀ ਹੈ, ਜੋ ਅਕਸਰ ਲੰਬੇ ਜਾਮ ਦਾ ਕਾਰਨ ਬਣਦੀ ਹੈ। ਸ਼ਹਿਰ ਦੀਆਂ ਕਈ ਹੋਰਨਾਂ ਮਾਰਕੀਟਾਂ, ਨਿੱਜੀ ਤੇ ਵਿੱਦਿਅਕ ਅਦਾਰਿਆਂ ਸਮੇਤ ਹੋਰਨਾਂ ਭੀੜ ਭੜੱਕੇ ਵਾਲੇ ਖੇਤਰਾਂ ’ਚ ਵੀ ਸੜਕ ਕਿਨਾਰੇ ਖੜ੍ਹੇ ਵਾਹਨ ਵੱਡੀ ਚੁਣੌਤੀ ਬਣੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਮੁਹਾਲੀ ’ਚ ਨਵੇਂ ਕਮਰਸ਼ੀਅਲ ਪ੍ਰੋਜੈਕਟ ਤਾਂ ਤੇਜ਼ੀ ਨਾਲ ਬਣ ਰਹੇ ਹਨ, ਪਰ ਇਨ੍ਹਾਂ ਨਾਲ ਪਾਰਕਿੰਗ ਵਿਵਸਥਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿ ਪੈਦਲ ਚੱਲਣ ਵਾਲੇ ਲੋਕਾਂ ਲਈ ਵੀ ਰਸਤਾ ਨਹੀਂ ਬਚਦਾ। ਬਾਕਸ : ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ : ਡੀਐੱਸਪੀ (ਟ੍ਰੈਫ਼ਿਕ) ਮੁਹਾਲੀ ਦੇ ਡੀਐੱਸਪੀ (ਟ੍ਰੈਫ਼ਿਕ) ਕਰਨੈਲ ਸਿੰਘ ਨੇ ਦੱਸਿਆ ਕਿ ਸੜਕਾਂ ਕਿਨਾਰੇ ਗੈਰ-ਕਾਨੂੰਨੀ ਪਾਰਕਿੰਗ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਕਿਹਾ ਕਿ ਸਬੰਧਤ ਥਾਵਾਂ ਦਾ ਸਰਵੇ ਕਰਵਾ ਕੇ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਆਵਾਜਾਈ ’ਚ ਵਿਘਨ ਪਾਉਣ ਵਾਲੇ ਵਾਹਨਾਂ ਦੇ ਨਿਯਮਾਂ ਅਨੁਸਾਰ ਚਲਾਨ ਕੱਟੇ ਜਾਣਗੇ। ਇਸ ਤੋਂ ਇਲਾਵਾ ਸਬੰਧਤ ਅਦਾਰਿਆਂ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਵੇਗੀ। ਬਾਕਸ : ਠੋਸ ਕਾਰਵਾਈ ਅਮਲ ’ਚ ਲਿਆਉਣੀ ਚਾਹੀਦੀ : ਮੇਅਰ ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਸਿਰਫ਼ ਚਲਾਨ ਕੱਟਣ ਨਾਲ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਹੋਵੇਗਾ ਬਲਕਿ ਨਿਯਮਾਂ ਤਹਿਤ ਠੋਸ ਕਾਰਵਾਈ ਅਮਲ ’ਚ ਲਿਆਉਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਗਮਾਡਾ, ਨਗਰ ਨਿਗਮ ਅਤੇ ਟ੍ਰੈਫ਼ਿਕ ਪੁਲਿਸ ਨੂੰ ਮਿਲ ਕੇ ਸ਼ਹਿਰ ਦੇ ਮੁੱਖ ਖੇਤਰਾਂ ਵਿਚ ਵਾਹਨ ਪਾਰਕਿੰਗ ਵਿਵਸਥਾ ਦਾ ਸਰਵੇ ਕਰਨਾ ਚਾਹੀਦਾ ਹੈ। ਖਾਲੀ ਪਈਆਂ ਸਰਕਾਰੀ ਜ਼ਮੀਨਾਂ ਤੇ ਪਾਰਕਿੰਗ ਵਿਕਸਿਤ ਕੀਤੇ ਜਾਣੇ ਚਾਹੀਦੇ ਹਨ। ਸ਼ਹਿਰ ਵਿਚ ਨੋ-ਪਾਰਕਿੰਗ ਜ਼ੋਨ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਸੜਕਾਂ ਕਿਨਾਰੇ ਖੜ੍ਹੇ ਵਾਹਨਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ।