ਮੁਹਾਲੀ ’ਚ ਖੁੱਲ੍ਹੇ ਵਿਚ ਮਲਬਾ ਸੁੱਟਣ ਵਾਲਾ ਵਾਹਨ ਪੁਲਿਸ ਹਵਾਲੇ ਮੁਹਾਲੀ ’ਚ ਖੁੱਲ੍ਹੇ ਵਿਚ ਮਲਬਾ ਸੁੱਟਣ ਵਾਲਾ ਵਾਹਨ ਪੁਲਿਸ ਹਵਾਲੇ
Publish Date: Sat, 10 Oct 2026 07:51 PM (IST)
Updated Date: Sat, 10 Oct 2026 07:53 PM (IST)
-ਸ਼ਹਿਰ ਦੀ ਸਫ਼ਾਈ ਨਾਲ ਕੋਈ ਸਮਝੌਤਾ ਨਹੀਂ, ਗੰਦਗੀ ਫੈਲਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ : ਮੇਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਨੇ ਸ਼ਹਿਰ ਵਿਚ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਖੁੱਲ੍ਹੇ ਵਿਚ ਮੱਲਬਾ ਸੁੱਟਣ ਦੇ ਦੋਸ਼ ਹੇਠ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਸੀਮਿੰਟ ਮਿਕਸਰ ਨਾਲ ਸਬੰਧਤ ਗੱਡੀ ਦੇ ਡਰਾਈਵਰ ਖ਼ਿਲਾਫ਼ ਕਾਰਵਾਈ ਕਰਦਿਆਂ ਸਬੰਧਤ ਵਾਹਨ ਪੁਲਿਸ ਹਵਾਲੇ ਕੀਤਾ ਗਿਆ। ਪੁਲਿਸ ਨੇ ਸੀਮਿੰਟ ਮਿਕਸਰ ਗੱਡੀ ਨੂੰ ਥਾਣੇ ’ਚ ਲਿਆ ਕੇ ਬੰਦ ਕਰ ਦਿੱਤਾ ਹੈ। ਇਸ ਮਾਮਲੇ ’ਚ ਅਗਲੇਰੀ ਕਾਰਵਾਈ ਜਾਰੀ ਹੈ। ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਸਫ਼ਾਈ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਜਨਤਕ ਥਾਵਾਂ ’ਤੇ ਕੂੜਾ ਅਤੇ ਮਲਬਾ ਸੁੱਟਣ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਵੀ ਇਕ ਟਰੈਕਟਰ ਟਰਾਲੀ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੂਰਿਆ ਕੋਨ ਬਿਲਡਿੰਗ ਟਰੱਸਟ ਦੀ ਗੱਡੀ ਪਹਿਲਾਂ ਵੀ ਖੁੱਲ੍ਹੇ ’ਚ ਮਲਬਾ ਸੁੱਟਦੀ ਫੜੀ ਗਈ ਸੀ। ਉਸ ਸਮੇਂ ਸਖ਼ਤ ਚੇਤਾਵਨੀ ਦੇ ਕੇ ਸਬੰਧਤ ਵਾਹਨ ਨੂੰ ਛੱਡ ਦਿੱਤਾ ਗਿਆ ਸੀ,ਪਰ ਅੱਜ ਉਨ੍ਹਾਂ ਮੁੜ ਸੈਕਟਰ-89 ਖੁੱਲ੍ਹੇ ਵਿਚ ਮਲਬਾ ਸੁੱਟਦੇ ਹੋਏ ਰੰਗੇ ਹੱਥਂ ਫੜੇ ਜਾਣ ’ਤੇ ਸਖ਼ਤ ਕਾਰਵਾਈ ਕੀਤੀ ਗਈ। ਮੇਅਰ ਸਮਾਣਾ ਨੇ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਮੁਹਾਲੀ ਦੇ ਉਦਯੋਗਾਂ ਦੀ ਅਹਿਮ ਭੂਮਿਕਾ ਹੈ, ਪਰ ਵਾਤਾਵਰਣ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਬਰਾਬਰ ਮੌਕੇ ਦੇਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਉਦਯੋਗਪਤੀ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੇਅਰ ਨੇ ਦਾਅਵਾ ਕੀਤਾ ਕਿ ਮੁਹਾਲੀ ਵਿਚ ਜਲਦੀ ਹੀ ਕੂੜਾ ਪ੍ਰਬੰਧਨ ਦਾ ਢੁਕਵਾਂ ਹੱਲ ਕੀਤਾ ਜਾਵੇਗਾ ਅਤੇ ਸ਼ਹਿਰ ’ਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਉਦਯੋਗਾਂ ਅਤੇ ਹੋਰਨਾਂ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇਣ ਅਤੇ ਕੂੜਾ ਅਤੇ ਮਲਬਾ ਵਗੈਰਾ ਨਿਰਧਾਰਿਤ ਥਾਵਾਂ ਉੱਤੇ ਹੀ ਸੁੱਟਿਆ ਜਾਵੇ।