ਸ਼ਹਿਰੀ ਬੁਨਿਆਦੀ ਢਾਂਚਾ ਹੋਵੇਗਾ ਮਜ਼ਬੂਤ ਤੇ ਮਿਲਣਗੀਆਂ ਬਿਹਤਰ ਆਵਾਜਾਈ ਸਹੂਲਤਾਂ: ਕੁਲਵੰਤ ਸਿੰਘ ਸ਼ਹਿਰੀ ਬੁਨਿਆਦੀ ਢਾਂਚਾ ਹੋਵੇਗਾ ਮਜ਼ਬੂਤ ਤੇ ਮਿਲਣਗੀਆਂ ਬਿਹਤਰ ਆਵਾਜਾਈ ਸਹੂਲਤਾਂ: ਕੁਲਵੰਤ ਸਿੰਘ
Publish Date: Wed, 18 Nov 2026 06:38 PM (IST)
Updated Date: Thu, 19 Nov 2026 04:07 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਨੂੰ ਸਭ ਤੋਂ ਵੱਧ ਪ੍ਰਾਪਰਟੀ ਟੈਕਸ ਦੇਣ ਵਾਲੇ ਉਦਯੋਗਿਕ ਖੇਤਰ ਦੀ ਵੀ ਆਖ਼ਰਕਾਰ ਸਾਲਾਂ ਬਾਅਦ ਸੁਣੀ ਗਈ ਹੈ। ਸਰਕਾਰੀ ਅਣਦੇਖੀ ਦਾ ਸ਼ਿਕਾਰ ਸਨਅਤੀ ਏਰੀਆ ’ਚ ਹੁਣ ਮਜ਼ਬੂਤ ਸੜਕਾਂ ਤੇ ਬੁਨਿਆਦੀ ਸਹੂਲਤਾਂ ਮਿਲਣਗੀਆਂ। ਉਦਯੋਗਿਕ ਖੇਤਰ ’ਚ ਆਵਾਜਾਈ ਨੂੰ ਸੁਖਾਲਾ ਬਣਾਉਣ ਦੀ ਦਿਸ਼ਾ ’ਚ ਇਕ ਹੋਰ ਅਹਿਮ ਕਦਮ ਚੁੱਕਦਿਆਂ ਵਿਧਾਇਕ ਕੁਲਵੰਤ ਸਿੰਘ ਤੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਇੰਡਸਟਰੀ ਏਰੀਆ ਸੈਕਟਰ-74 (ਫੇਜ਼-8) ਅਤੇ ਸੈਕਟਰ-75 (8-ਬੀ) ਨੂੰ ਵੰਡਣ ਵਾਲੀ ਮੁੱਖ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰਵਾਇਆ। ਇਸ ਨਾਲ ਆਮ ਲੋਕਾਂ ਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ। ਦੱਸ ਦਈਏ ਸੈਕਟਰ-74 (ਫੇਜ਼-8) ਤੇ ਸੈਕਟਰ-75 (8-ਬੀ) ’ਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਵਾਹਨਾਂ ਤੇ ਭਾਰੀ ਟਰਾਂਸਪੋਰਟ ਦੀ ਆਵਾਜਾਈ ਰਹਿੰਦੀ ਹੈ। ਸੜਕ ਦੀ ਚੌੜਾਈ ਘੱਟ ਹੋਣ ਕਾਰਨ ਦਫ਼ਤਰੀ ਸਮੇਂ ਦੌਰਾਨ ਇੱਥੇ ਅਕਸਰ ਟ੍ਰੈਫ਼ਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਸੜਕ ਦੇ ਚੌੜਾ ਹੋਣ ਨਾਲ ਜਿੱਥੇ ਉਦਯੋਗਪਤੀਆਂ, ਫੈਕਟਰੀ ਮੁਲਾਜ਼ਮਾਂ ਤੇ ਆਮ ਰਾਹਗੀਰਾਂ ਨੂੰ ਟ੍ਰੈਫ਼ਿਕ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ, ਉੱਥੇ ਇਲਾਕੇ ਦੇ ਕਾਰੋਬਾਰ ਨੂੰ ਹੁਲਾਰਾ ਮਿਲੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੜਕਾਂ ਦੇ ਨਵੀਨੀਕਰਨ ਤੇ ਆਵਾਜਾਈ ਪ੍ਰਬੰਧਾਂ ਨੂੰ ਸੁਚਾਰੂ ਬਣਾਉਣਾ ਵੀ ਇਸੇ ਦਿਸ਼ਾ ’ਚ ਇਹ ਇਕ ਅਹਿਮ ਕਦਮ ਹੈ। ਸੈਕਟਰ-74 (ਫੇਜ਼-8) ਤੇ ਸੈਕਟਰ-75 (8ਬੀ) ਨੂੰ ਆਪਸ ’ਚ ਜੋੜਨ ਵਾਲੀ ਸੜਕ ਦਾ 3.20 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ। 1.36 ਕਿੱਲੋਮੀਟਰ ਲੰਬੀ ਇਸ ਦਾ ਨਿਰਮਾਣ ਕਾਰਜ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਹ ਸੜਕ 32 ਫੁੱਟ ਚੌੜੀ ਹੈ ਤੇ ਸਿੰਗਲ ਕੈਰਿਜਵੇਅ ਵਜੋਂ ਵਰਤੀ ਜਾ ਰਹੀ ਹੈ। ਨਵੀਨੀਕਰਨ ਤਹਿਤ ਸੜਕ ਦੇ ਵਿਚਕਾਰ ਸੈਂਟਰ ਵਰਜ ਬਣਾਇਆ ਜਾਵੇਗਾ ਤੇ ਦੋਵੇਂ ਪਾਸੇ 22-22 ਫੁੱਟ ਚੌੜੀਆਂ ਸੜਕਾਂ ਤਿਆਰ ਕੀਤੀਆਂ ਜਾਣਗੀਆਂ। ਇਸ ਨਾਲ ਆਵਾਜਾਈ ਨੂੰ ਸੁਚਾਰੂ ਬਣਾਉਣ ’ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਸੜਕ ਦੇ ਦੋਵੇਂ ਪਾਸੇ ਪੈਦਲ ਚੱਲਣ ਵਾਲੇ ਲੋਕਾਂ ਦੀ ਸਹੂਲਤ ਲਈ ਫੁੱਟਪਾਥ ਬਣਾਏ ਜਾਣਗੇ। ਰਾਤ ਸਮੇਂ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਸੜਕਾਂ ਦਾ ਨਵੀਨੀਕਰਨ, ਬਿਹਤਰ ਆਵਾਜਾਈ ਪ੍ਰਬੰਧ ਅਤੇ ਪੈਦਲ ਚੱਲਣ ਵਾਲਿਆਂ ਲਈ ਸਹੂਲਤਾਂ ਮੁਹੱਈਆ ਕਰਵਾਉਣਾ ਸ਼ਹਿਰੀ ਵਿਕਾਸ ਦਾ ਅਹਿਮ ਹਿੱਸਾ ਹਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਕੌਂਸਲਰ ਹਰਪਾਲ ਸਿੰਘ ਬਰਾੜ, ਬਚਨ ਸਿੰਘ ਬੋਪਾਰਾਏ ਤੇ ਕਮਲਜੀਤ ਕੌਰ ਸੋਹਾਣਾ, ਮੁਹਾਲੀ ਉਦਯੋਗ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ, ਜਨਰਲ ਸਕੱਤਰ ਰਾਕੇਸ਼ ਵਿੱਗ, ਸਾਬਕਾ ਪ੍ਰਧਾਨ ਐਚਐਸ ਬਿੱਲਾ, ਐਡਵੋਕੇਟ ਜਸਵੀਰ ਸਿੰਘ, ਕੇ.ਐਸ. ਮਾਹਲ, ਏਐਸ ਪ੍ਰਮਾਰ, ਗੁਰਪ੍ਰੀਤ ਸਿੰਘ ਚਾਹਲ, ਗੁਰਪ੍ਰੀਤ ਸਿੰਘ ਲਾਂਡਰਾਂ, ਜਸਪ੍ਰੀਤ ਸਿੰਘ ਸਰਪੰਚ ਲਾਂਡਰਾਂ, ਦਰਸ਼ਣ ਸਿੰਘ ਮਟੌਰ ਬਲਾਕ ਪ੍ਰਧਾਨ, ਅਕਬਿੰਦਰ ਸਿੰਘ ਗੋਸਲ, ਕੌਂਸਲਰ ਬਚਨ ਸਿੰਘ ਬੋਪਾਰਾਏ, ਕਮਲਜੀਤ ਕੌਰ ਸੋਹਾਣਾ ਹਾਜ਼ਰ ਸਨ।