ਪੰਜਾਬ ਦੀ ਸਿਆਸਤ ’ਚ ਉਲਟਫੇਰ: 6 ਸਾਲ ਬਾਅਦ ਮੁੜ ਇਕੱਠੇ ਆਉਣਗੇ BJP ਤੇ ਅਕਾਲੀ ਦਲ! 2027 ਚੋਣਾਂ ਲਈ ਸੀਟ ਸ਼ੇਅਰਿੰਗ ਦਾ ਫ਼ਾਰਮੂਲਾ ਤਿਆਰ
ਇਸ ਤਹਿਤ ਭਾਜਪਾ 117 ਵਿਧਾਨ ਸਭਾ ਸੀਟਾਂ ਵਿੱਚੋਂ ਕਰੀਬ 48 ਤੋਂ 55 ਸੀਟਾਂ ’ਤੇ ਚੋਣ ਲੜ ਸਕਦੀ ਹੈ, ਜਦੋਂ ਕਿ ਅਕਾਲੀ ਦਲ ਦੇ ਹਿੱਸੇ ਬਾਕੀ ਸੀਟਾਂ ਆ ਸਕਦੀਆਂ ਹਨ। ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਨੂੰ ਲੈ ਕੇ ਕਿਆਸਅਰਾਈਆਂ ਉਸ ਸਮੇਂ ਤੇਜ਼ ਹੋਈਆਂ ਸਨ, ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ NDA ਦੀ ਸਰਕਾਰ ਬਣਨ ਦੀ ਗੱਲ ਕਹੀ ਸੀ।
Publish Date: Tue, 24 Nov 2026 12:56 PM (IST)
Updated Date: Tue, 24 Nov 2026 12:57 PM (IST)
ਰੋਹਿਤ ਕੁਮਾਰ, ਚੰਡੀਗੜ੍ਹ। ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੁੜ ਗੱਠਜੋੜ ਦੀਆਂ ਸੰਭਾਵਨਾਵਾਂ ਲਗਭਗ ਸਹਿਮਤੀ ਤੱਕ ਪਹੁੰਚ ਗਈਆਂ ਹਨ। ਪਿਛਲੇ ਕਰੀਬ ਇੱਕ ਮਹੀਨੇ ਤੋਂ ਦੋਵਾਂ ਪਾਰਟੀਆਂ ਵਿਚਾਲੇ ਚੱਲ ਰਹੀ ਗੱਲਬਾਤ ਹੁਣ ਆਖ਼ਰੀ ਦੌਰ ਵਿੱਚ ਦੱਸੀ ਜਾ ਰਹੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਇੱਕ ਸੰਭਾਵਿਤ ਫ਼ਾਰਮੂਲਾ ਸਾਹਮਣੇ ਆਇਆ ਹੈ।
ਇਸ ਤਹਿਤ ਭਾਜਪਾ 117 ਵਿਧਾਨ ਸਭਾ ਸੀਟਾਂ ਵਿੱਚੋਂ ਕਰੀਬ 48 ਤੋਂ 55 ਸੀਟਾਂ ’ਤੇ ਚੋਣ ਲੜ ਸਕਦੀ ਹੈ, ਜਦੋਂ ਕਿ ਅਕਾਲੀ ਦਲ ਦੇ ਹਿੱਸੇ ਬਾਕੀ ਸੀਟਾਂ ਆ ਸਕਦੀਆਂ ਹਨ। ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਨੂੰ ਲੈ ਕੇ ਕਿਆਸਅਰਾਈਆਂ ਉਸ ਸਮੇਂ ਤੇਜ਼ ਹੋਈਆਂ ਸਨ, ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ NDA ਦੀ ਸਰਕਾਰ ਬਣਨ ਦੀ ਗੱਲ ਕਹੀ ਸੀ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਅਤੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਸੀ.ਆਰ. ਪਾਟਿਲ ਦੀ ਸਰਗਰਮੀ ਨੂੰ ਵੀ ਮਹੱਤਵਪੂਰਨ ਸੰਕੇਤ ਮੰਨਿਆ ਗਿਆ।
2017 ਵਿੱਚ 23 ਸੀਟਾਂ ’ਤੇ ਉੱਤਰੀ ਸੀ ਭਾਜਪਾ
ਭਾਜਪਾ ਇਸ ਵਾਰ ਪੁਰਾਣੇ 94-23 ਦੇ ਸੀਟ ਵੰਡ ਫ਼ਾਰਮੂਲੇ ’ਤੇ ਚੋਣ ਲੜਨ ਦੇ ਹੱਕ ਵਿੱਚ ਨਹੀਂ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ 94 ਅਤੇ ਭਾਜਪਾ ਨੇ 23 ਸੀਟਾਂ ’ਤੇ ਉਮੀਦਵਾਰ ਉਤਾਰੇ ਸਨ। ਹੁਣ ਭਾਜਪਾ ਆਪਣੇ ਵਧੇ ਹੋਏ ਜਥੇਬੰਦਕ ਆਧਾਰ ਅਤੇ ਚੋਣ ਦਾਅਵੇਦਾਰੀ ਦੇ ਹਿਸਾਬ ਨਾਲ ਵੱਧ ਸੀਟਾਂ ਚਾਹੁੰਦੀ ਹੈ।
ਦੂਜੇ ਪਾਸੇ ਅਕਾਲੀ ਦਲ ਵੀ ਆਪਣੇ ਰਵਾਇਤੀ ਪ੍ਰਭਾਵ ਵਾਲੇ ਖੇਤਰਾਂ ਵਿੱਚ ਸੀਟਾਂ ਛੱਡਣ ਨੂੰ ਲੈ ਕੇ ਸਾਵਧਾਨੀ ਵਰਤ ਰਿਹਾ ਹੈ। ਦੋਵਾਂ ਪਾਰਟੀਆਂ ਵਿਚਾਲੇ ਇਹ ਸਮਝ ਬਣੀ ਹੈ ਕਿ ਇੱਕ-ਦੂਜੇ ਦੇ ਮਜ਼ਬੂਤ ਖੇਤਰਾਂ ਨੂੰ ਧਿਆਨ ਵਿੱਚ ਰੱਖ ਕੇ ਚੋਣ ਰਣਨੀਤੀ ਤਿਆਰ ਕੀਤੀ ਜਾਵੇ।
ਅੱਜ ਦੇ ਰਸਮੀ ਐਲਾਨ ’ਤੇ ਟਿਕੀਆਂ ਨਜ਼ਰਾਂ
ਸੁਖਬੀਰ ਬਾਦਲ ਨੇ ਗੱਠਜੋੜ ਦੀਆਂ ਕਿਆਸਅਰਾਈਆਂ ’ਤੇ ਪਹਿਲਾਂ ਕਿਹਾ ਸੀ ਕਿ ਕੁਝ ਦਿਨਾਂ ਵਿੱਚ ਸਭ ਨੂੰ ਪਤਾ ਲੱਗ ਜਾਵੇਗਾ ਕਿ ਕੀ ਹੋਣ ਵਾਲਾ ਹੈ। ਹੁਣ ਸਿਆਸੀ ਹਲਕਿਆਂ ਵਿੱਚ ਨਿਗਾਹਾਂ ਦੋਵਾਂ ਪਾਰਟੀਆਂ ਦੇ ਰਸਮੀ ਐਲਾਨ ’ਤੇ ਲੱਗੀਆਂ ਹੋਈਆਂ ਹਨ।
ਗੱਠਜੋੜ ਹੋਣ ਦੀ ਸੂਰਤ ਵਿੱਚ ਭਾਜਪਾ ਨੂੰ ਦਿਹਾਤੀ ਪੰਜਾਬ ਵਿੱਚ ਅਕਾਲੀ ਦਲ ਦੇ ਸੰਗਠਨ ਦਾ ਲਾਭ ਮਿਲੇਗਾ, ਜਦੋਂ ਕਿ ਅਕਾਲੀ ਦਲ ਨੂੰ ਭਾਜਪਾ ਦੇ ਸ਼ਹਿਰੀ ਆਧਾਰ ਅਤੇ ਕੇਂਦਰ ਵਿੱਚ ਉਸ ਦੀ ਸਿਆਸੀ ਤਾਕਤ ਦਾ ਸਹਾਰਾ ਮਿਲ ਸਕਦਾ ਹੈ।