- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੌਂਦ ਨੇ ਦੱਸਿਆ ਕਿ ਨਵੇਂ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਲਈ ਐਤਵਾਰ ਤੋਂ ਸੂਬੇ ਦੀ ਹਰ ਗ੍ਰਾਮ ਪੰਚਾਇਤ ਵਿੱਚ ਜਾਬ ਕਾਰਡ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ। ਇਸ ਦੇ ਨਾਲ ਮੌਜੂਦਾ ਜਾਬ ਕਾਰਡ ਧਾਰਕਾਂ ਦੇ ਵੇਰਵੇ ਵੀ ਅਪਡੇਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਮਸਟਰ ਰੋਲ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਯੋਗ ਕਾਮੇ ਕੱਲ੍ਹ ਤੋਂ ਹੀ ਕੰਮ 'ਤੇ ਜਾ ਸਕਣ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮਨਰੇਗਾ ਦੀ ਥਾਂ ਲਾਗੂ ਕੀਤੀ ਗਈ ਵੀਬੀ ਜੀ ਰਾਮ ਜੀ (ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਅਜੀਵਿਕਾ ਮਿਸ਼ਨ) ਸਕੀਮ ਨੂੰ ਸੂਬੇ ਵਿੱਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਤਹਿਤ ਵੈਧ ਜਾਬ ਕਾਰਡ ਰੱਖਣ ਵਾਲੇ ਸਾਰੇ ਲਾਭਪਾਤਰੀ ਆਪਣੇ-ਆਪ ਨਵੀਂ ਸਕੀਮ ਵਿੱਚ ਸ਼ਾਮਲ ਹੋ ਜਾਣਗੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।
ਸੌਂਦ ਨੇ ਦੱਸਿਆ ਕਿ ਨਵੇਂ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਲਈ ਐਤਵਾਰ ਤੋਂ ਸੂਬੇ ਦੀ ਹਰ ਗ੍ਰਾਮ ਪੰਚਾਇਤ ਵਿੱਚ ਜਾਬ ਕਾਰਡ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ। ਇਸ ਦੇ ਨਾਲ ਮੌਜੂਦਾ ਜਾਬ ਕਾਰਡ ਧਾਰਕਾਂ ਦੇ ਵੇਰਵੇ ਵੀ ਅਪਡੇਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਮਸਟਰ ਰੋਲ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਯੋਗ ਕਾਮੇ ਕੱਲ੍ਹ ਤੋਂ ਹੀ ਕੰਮ 'ਤੇ ਜਾ ਸਕਣ। ਕਾਮਿਆਂ ਦੀ ਹਾਜ਼ਰੀ ਸਮਰਪਿਤ ਡਿਜੀਟਲ ਸਾਫਟਵੇਅਰ ਰਾਹੀਂ ਦਰਜ ਕੀਤੀ ਜਾਵੇਗੀ, ਜਦਕਿ ਵਿਕਾਸ ਕਾਰਜਾਂ ਦੀ ਪਹਿਲਾਂ ਹੀ ਪਛਾਣ ਕਰਕੇ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।
ਮੰਤਰੀ ਨੇ ਕਿਹਾ ਕਿ ਨਵੀਂ ਸਕੀਮ ਤਹਿਤ ਕਰਮਚਾਰੀਆਂ ਨੂੰ ਵੱਧ ਨੌਕਰੀ ਸੁਰੱਖਿਆ ਦੇਣ ਲਈ ਮੌਜੂਦਾ ਤਨਖ਼ਾਹ ਵਿੱਚ ਕਰੀਬ 10 ਫ਼ੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਮਨਰੇਗਾ ਦੇ ਸਾਲਾਨਾ ਕਾਂਟ੍ਰੈਕਟ ਦੀ ਥਾਂ ਹੁਣ ਲੰਬੇ ਸਮੇਂ ਦੇ ਕਾਂਟ੍ਰੈਕਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਨਰੇਗਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਵਿਸ਼ੇਸ਼ ਪ੍ਰਸਤਾਵ ਪਹਿਲਾਂ ਹੀ ਪ੍ਰਸੋਨਲ ਵਿਭਾਗ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਸੋਧਿਆ ਪ੍ਰਸਤਾਵ ਵੀ ਦੁਬਾਰਾ ਜਮ੍ਹਾਂ ਕਰਵਾ ਦਿੱਤਾ ਗਿਆ ਹੈ।
ਸੌਂਦ ਨੇ ਦੱਸਿਆ ਕਿ ਤਕਨੀਕੀ ਸਹਾਇਕਾਂ ਦੀਆਂ ਤਨਖ਼ਾਹਾਂ ਮਈ 2026 ਤੱਕ ਅਤੇ ਗ੍ਰਾਮ ਰੁਜ਼ਗਾਰ ਸਹਾਇਕਾਂ ਸਮੇਤ ਹੋਰ ਕਰਮਚਾਰੀਆਂ ਦੀਆਂ ਤਨਖ਼ਾਹਾਂ ਜਨਵਰੀ 2026 ਤੱਕ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਭਾਰਤ ਸਰਕਾਰ ਵੱਲੋਂ ਵੀਬੀ ਜੀ ਰਾਮ ਜੀ ਸਕੀਮ ਤਹਿਤ ਤਨਖ਼ਾਹਾਂ ਲਈ 50 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਫੰਡਾਂ ਦੀ ਅਗਲੀ ਕਿਸ਼ਤ 20 ਜੁਲਾਈ ਤੋਂ ਬਾਅਦ ਮਿਲਣ ਦੀ ਉਮੀਦ ਹੈ। ਉਨ੍ਹਾਂ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਵੀਂ ਸਕੀਮ ਤਹਿਤ ਡਿਊਟੀਆਂ 'ਤੇ ਵਾਪਸ ਆ ਕੇ ਪੇਂਡੂ ਵਿਕਾਸ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖਣ ਵਿੱਚ ਸਹਿਯੋਗ ਦੇਣ।