ਨਾਬਾਲਿਗ ਸਮੇਤ ਦੋ ਚੋਰ ਗ੍ਰਿਫ਼ਤਾਰ ; ਹੋਂਡਾ ਸਿਟੀ ਕਾਰ ਤੇ ਚੋਰੀ ਦਾ ਸਾਮਾਨ ਬਰਾਮਦ ਨਾਬਾਲਿਗ ਸਮੇਤ ਦੋ ਚੋਰ ਗ੍ਰਿਫ਼ਤਾਰ ;
Publish Date: Mon, 26 Oct 2026 09:18 PM (IST)
Updated Date: Mon, 26 Oct 2026 09:19 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਜ਼ੀਰਕਪੁਰ ਦੇ ਜਰਨੈਲ ਐਨਕਲੇਵ ਵਿਚ ਹੋਈ ਚੋਰੀ ਦੇ ਮਾਮਲੇ ’ਚ ਥਾਣਾ ਜ਼ੀਰਕਪੁਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਾਰਦਾਤ ਦੇ 24 ਘੰਟਿਆਂ ਦੇ ਅੰਦਰ ਇਕ ਨਾਬਾਲਿਗ ਸਮੇਤ ਦੋ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਚੋਰੀ ’ਚ ਵਰਤੀ ਜਾ ਰਹੀ ਚਿੱਟੇ ਰੰਗ ਦੀ ਹੋਂਡਾ ਸਿਟੀ ਕਾਰ, ਦੋ ਮੋਬਾਈਲ ਫ਼ੋਨ, ਇਕ ਲੈਪਟਾਪ ਅਤੇ ਦੋ ਸੁਨਹਿਰੀ ਰੰਗ ਦੀਆਂ ਭਗਵਾਨ ਦੀਆਂ ਮੂਰਤੀਆਂ ਬਰਾਮਦ ਕੀਤੀਆਂ ਹਨ। ਹਾਲਾਂਕਿ, ਚੋਰੀ ਹੋਈ ਨਕਦੀ ਅਜੇ ਬਰਾਮਦ ਨਹੀਂ ਹੋ ਸਕੀ, ਜਿਸ ਦੀ ਬਰਾਮਦਗੀ ਲਈ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਹੈ। ਫੜੇ ਗਏ ਮੁਲਜ਼ਮਾਂ ਵਿਚੋਂ ਇਕ ਦੀ ਪਛਾਣ ਦਵਿੰਦਰ ਸਿੰਘ ਉਰਫ਼ ਦੇਵ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ, ਜਦਕਿ ਦੂਜਾ ਮੁਲਜ਼ਮ ਨਾਬਾਲਿਗ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਜ਼ੀਰਕਪੁਰ ਦੇ ਐੱਸਐੱਚਓ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਐਤਵਾਰ ਨੂੰ ਜਰਨੈਲ ਐਨਕਲੇਵ ਸਥਿਤ ਇਕ ਘਰ ’ਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਦੀ ਵਿਸ਼ੇਸ਼ ਟੀਮ ਦਾ ਗਠਨ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਕਾਲਕਾ ਲਾਈਟ ਪੁਆਇੰਟ ਨੇੜੇ ਲਾਟਰੀ ਬਾਜ਼ਾਰ ਕੋਲ ਘੇਰਾਬੰਦੀ ਕਰਕੇ ਹੋਂਡਾ ਸਿਟੀ ਕਾਰ ਵਿਚ ਸਵਾਰ ਦੋਵਾਂ ਮੁਲਜ਼ਮਾਂ ਨੂੰ ਦਬੋਚ ਲਿਆ। ਨਾਬਾਲਿਗ ਦਾ ਪਹਿਲਾਂ ਵੀ ਦਰਜ ਹੈ ਅਪਰਾਧਿਕ ਰਿਕਾਰਡ : ਐੱਸਐੱਚਓ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਨਾਬਾਲਿਗ ਪਹਿਲਾਂ ਵੀ ਚੋਰੀ ਦੇ ਇਕ ਮਾਮਲੇ ’ਚ ਨਾਮਜ਼ਦ ਰਹਿ ਚੁੱਕਾ ਹੈ। ਮੁੱਖ ਮੁਲਜ਼ਮ ਦਵਿੰਦਰ ਸਿੰਘ ਉਰਫ਼ ਦੇਵ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਇਸ ਨਾਬਾਲਿਗ ਨੂੰ ਆਪਣੇ ਨਾਲ ਰੱਖਦਾ ਸੀ ਅਤੇ ਹੋਂਡਾ ਸਿਟੀ ਕਾਰ ਦੀ ਵਰਤੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਸੀ। ਰਿਮਾਂਡ ਦੌਰਾਨ ਹੋਵੇਗੀ ਨਕਦੀ ਦੀ ਬਰਾਮਦਗੀ : ਪੁਲਿਸ ਅਨੁਸਾਰ, ਬੀਤੀ ਰਾਤ ਹੋਈ ਚੋਰੀ ਦੀ ਨਕਦੀ ਅਜੇ ਬਰਾਮਦ ਹੋਣੀ ਬਾਕੀ ਹੈ। ਇਸੇ ਸਿਲਸਿਲੇ ਵਿਚ ਮੁਲਜ਼ਮ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ। ਰਿਮਾਂਡ ਦੌਰਾਨ ਪੁਲਿਸ ਨਕਦੀ ਬਰਾਮਦ ਕਰਨ ਦੇ ਨਾਲ-ਨਾਲ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਕੀ ਉਕਤ ਮੁਲਜ਼ਮਾਂ ਨੇ ਸ਼ਹਿਰ ਵਿਚ ਕਿਸੇ ਹੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਾਂ ਨਹੀਂ।