ਨਾਬਾਲਿਗ ਕਤਲਕਾਂਡ ’ਚ ਦੋ ਮੁਲਜ਼ਮ ਕਾਬੂ, ਗੱਡੀ ਵੀ ਬਰਾਮਦ ਨਾਬਾਲਿਗ ਕਤਲਕਾਂਡ ’ਚ ਦੋ ਮੁਲਜ਼ਮ ਕਾਬੂ, ਗੱਡੀ ਵੀ ਬਰਾਮਦ
Publish Date: Mon, 23 Nov 2026 08:46 PM (IST)
Updated Date: Mon, 23 Nov 2026 08:49 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਬੀਤੀ 20 ਨਵੰਬਰ ਦੀ ਰਾਤ ਕੇਂਦਰੀ ਵਿਹਾਰ-2 ਖਰੜ ਵਿਖੇ ਹੋਏ 17 ਸਾਲਾ ਨਾਬਾਲਿਗ ਲੜਕੇ ਦੇ ਕਤਲ ਦੇ ਮਾਮਲੇ ’ਚ ਪੁਲਿਸ ਨੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਦੀ ਪਛਾਣ ਤਰਨਜੋਤ ਸਿੰਘ ਗਰੇਵਾਲ ਪੁੱਤਰ ਜਗਦੀਪ ਸਿੰਘ ਵਾਸੀ ਬਡਾਲਾ ਰੋਡ, ਖਰੜ ਅਤੇ ਅਮਰਬੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅਮਨ ਸਿਟੀ ਖਰੜ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਐੱਸਐੱਚਓ ਸਦਰ ਖਰੜ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਕੱਲ ਅਮਰਬੀਰ ਸਿੰਘ ਨੂੰ ਵਾਰਦਾਤ ’ਚ ਵਰਤੀ ਗੱਡੀ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਦੋ ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲਕਾਂਡ ’ਚ ਮੁੱਖ ਮੁਲਜ਼ਮ ਤਰਨਜੋਤ ਸਿੰਘ ਗਰੇਵਾਲ ਨੂੰ ਵੀ ਪੁਲਿਸ ਵੱਲੋਂ ਅੱਜ ਕਾਬੂ ਕੀਤਾ ਗਿਆ ਹੈ, ਜਿਸ ਨੂੰ ਅੱਜ ਮੰਗਲਵਾਰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਮੁਲਜ਼ਮਾਂ ਤੋਂ ਇਸ ਕਤਲਕਾਂਡ ’ਚ ਉਨ੍ਹਾਂ ਨਾਲ ਹੋਰ ਕੌਣ-ਕੌਣ ਸ਼ਾਮਲ ਸੀ ਅਤੇ ਵਜ੍ਹਾ ਰੰਜਿਸ਼ ਕੀ ਸੀ ਬਾਰੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਯਸ਼ ਦੇ ਵਾਰਸ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਣ ਤੱਕ ਸੰਸਕਾਰ ਨਾ ਕਰਨ ’ਤੇ ਅੜੇ ਹੋਏ ਸਨ ਪਰ ਹੁਣ ਗੱਡੀ ਤੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਤੋਂ ਬਾਅਦ ਅੱਜ ਮੰਗਲਵਾਰ ਨੂੰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਜਾਵੇਗਾ।