ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂ ਸ਼ਾਮ ਲਈ ਦੋ ਬੱਸਾਂ ਰਵਾਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂ ਸ਼ਾਮ ਲਈ ਦੋ ਬੱਸਾਂ ਰਵਾਨਾ
Publish Date: Tue, 15 Sep 2026 05:38 PM (IST)
Updated Date: Tue, 15 Sep 2026 05:41 PM (IST)
-ਸ਼ਰਧਾਲੂਆਂ ’ਚ ਤੀਰਥ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ : ਕੁਲਵੰਤ ਸਿੰਘ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਮੁਹਾਲੀ ’ਚੋਂ ਸ਼ਰਧਾਲੂਆਂ ਦੀਆਂ ਦੋ ਬੱਸਾਂ ਨੂੰ ਵਿਧਾਇਕ ਕੁਲਵੰਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਖਾਟੂ ਸ਼ਾਮ ਲਈ ਰਵਾਨਾ ਕੀਤਾ। ਇਹ ਬੱਸਾਂ ਖਾਟੂ ਸ਼ਾਮ, ਬਾਲਾਸਰ, ਹਰਿਦੁਆਰ ਅਤੇ ਵਰਿੰਦਾਵਨ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਉਪਰੰਤ ਸ਼ਰਧਾਲੂਆਂ ਨੂੰ ਵਾਪਸ ਮੁਹਾਲੀ ਲੈ ਕੇ ਪਰਤਣਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਤੀਰਥ ਯਾਤਰਾ ਲਈ ਰਵਾਨਾ ਹੋ ਰਹੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੈਕਟਰ-68 ਅਤੇ ਬਲੌਂਗੀ-ਦਾਊਂ ਪਿੰਡ ਦੀਆਂ ਸੰਗਤ ਵੱਲੋਂ ਸਾਬਕਾ ਸਰਪੰਚ ਮੱਖਣ ਸਿੰਘ ਬਲੌਂਗੀ ਅਤੇ ਸ੍ਰੀਮਤੀ ਸਰਬਜੀਤ ਕੌਰ ਦੇ ਯਤਨਾਂ ਸਦਕਾ ਇਸ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਅਤੇ ਸੰਗਤ ਆਪਣੇ ਆਸਥਾ ਦੇ ਕੇਂਦਰਾਂ ਦੇ ਦਰਸ਼ਨਾਂ ਲਈ ਰਵਾਨਾ ਹੋਈ। ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਪਹਿਲਾਂ ਸ਼ਰਧਾਲੂਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਵਾਲਮੀਕਿ ਮੰਦਰ, ਵਾਹਗਾ ਬਾਰਡਰ ਅਤੇ ਜ਼ਿਲ੍ਹਿਆਂਵਾਲਾ ਬਾਗ ਦੇ ਦਰਸ਼ਨ ਕਰਵਾਏ ਜਾਂਦੇ ਸਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਇਸ ਯੋਜਨਾ ਦਾ ਦਾਇਰਾ ਵਧਾਉਂਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਖਾਟੂ ਸ਼ਾਮ, ਵਰਿੰਦਾਵਨ, ਹਰਿਦੁਆਰ, ਬਾਲਾਸਰ ਆਦਿ ਧਾਰਮਿਕ ਸਥਾਨਾਂ ਲਈ ਵੀ ਬੱਸਾਂ ਭੇਜਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵੱਲੋਂ ਲਗਾਤਾਰ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਯਾਤਰਾ ਨੂੰ ਸੁਚਾਰੂ, ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਖਾਸ ਤੌਰ ’ਤੇ ਸੀਨੀਅਰ ਸਿਟੀਜ਼ਨ ਸ਼ਰਧਾਲੂਆਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਗਾਈਡ ਅਤੇ ਲੋੜ ਪੈਣ ’ਤੇ ਤੁਰੰਤ ਡਾਕਟਰੀ ਸਹਾਇਤਾ ਲਈ ਡਾਕਟਰ ਵੀ ਉਪਲੱਬਧ ਰਹਿੰਦੇ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਵੀ ਢੁਕਵੇਂ ਪ੍ਰਬੰਧ ਕੀਤੇ ਜਾਂਦੇ ਹਨ। ਇਸ ਮੌਕੇ ਸਟੇਟ ਐਵਾਰਡੀ ਫੂਲਰਾਜ ਸਿੰਘ, ਸੀਨੀਅਰ ਡਿਪਟੀ ਮੇਅਰ ਸ੍ਰੀ ਰਜਿੰਦਰ ਪ੍ਰਸਾਦ ਸ਼ਰਮਾ, ਕੌਂਸਲਰ ਗੁਰਜੀਤ ਸਿੰਘ, ਜਸਪਾਲ ਸਿੰਘ ਮਟੌਰ, ਬਲਜੀਤ ਸਿੰਘ ਹੈਪੀ, ਰਜਿੰਦਰ ਸਿੰਘ ਅਤੇ ਨਿਰਮਲ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।