ਕਬਰਿਸਤਾਨ ’ਚ ਟਿਊਬਵੈੱਲ ਦਾ ਵਿਵਾਦ ਸੁਲਝਿਆ, ਨਿਸ਼ਾਨਦੇਹੀ ਤੋਂ ਬਾਅਦ ਕੰਮ ਮੁੜ ਸ਼ੁਰੂ
ਕਬਰਿਸਤਾਨ 'ਚ ਟਿਊਬਵੈੱਲ ਦਾ ਵਿਵਾਦ ਸੁਲਝਿਆ, ਨਿਸ਼ਾਨਦੇਹੀ ਤੋਂ ਬਾਅਦ ਕੰਮ ਮੁੜ ਸ਼ੁਰੂ,
Publish Date: Mon, 16 Feb 2026 08:21 PM (IST)
Updated Date: Mon, 16 Feb 2026 08:24 PM (IST)

- ਮੁਸਲਿਮ ਭਾਈਚਾਰੇ ਨੇ ਫ਼ੈਸਲੇ ਦਾ ਕੀਤਾ ਸਵਾਗਤ ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਪਿੰਡ ਛੱਤ ਸਥਿਤ ਕਬਰਿਸਤਾਨ ਵਿਚ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਲਾਏ ਜਾ ਰਹੇ ਟਿਊਬਵੈੱਲ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਿਹਾ ਵਿਵਾਦ ਸੋਮਵਾਰ ਨੂੰ ਪ੍ਰਸ਼ਾਸਨਿਕ ਦਖ਼ਲ ਤੋਂ ਬਾਅਦ ਖ਼ਤਮ ਹੋ ਗਿਆ। ਨਗਰ ਕੌਂਸਲ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੋਈ ਜ਼ਮੀਨ ਦੀ ਨਿਸ਼ਾਨਦੇਹੀ ਦੌਰਾਨ ਇਹ ਸਪੱਸ਼ਟ ਹੋ ਗਿਆ ਕਿ ਟਿਊਬਵੈੱਲ ਕਬਰਿਸਤਾਨ ਦੀ ਨਿਰਧਾਰਤ ਹੱਦ ਅੰਦਰ ਹੀ ਲਾਇਆ ਜਾ ਰਿਹਾ ਹੈ। ਇਸ ਫ਼ੈਸਲੇ ਤੋਂ ਬਾਅਦ ਨਗਰ ਕੌਂਸਲ ਨੇ ਰੁਕੇ ਹੋਏ ਕੰਮ ਨੂੰ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨਗਰ ਕੌਂਸਲ ਦੀ ਟੀਮ ਨੇ ਕਿਸੇ ਸ਼ਿਕਾਇਤ ਦੇ ਆਧਾਰ ’ਤੇ ਟਿਊਬਵੈੱਲ ਲਗਾਉਣ ਦਾ ਕੰਮ ਵਿਚਾਲੇ ਹੀ ਰੁਕਵਾ ਦਿੱਤਾ ਸੀ। ਇਸ ਕਾਰਵਾਈ ਕਾਰਨ ਮੁਸਲਿਮ ਭਾਈਚਾਰੇ ਵਿਚ ਭਾਰੀ ਰੋਸ ਫੈਲ ਗਿਆ ਸੀ। ਭਾਈਚਾਰੇ ਦੇ ਦਰਜਨਾਂ ਲੋਕਾਂ ਨੇ ਨਗਰ ਕੌਂਸਲ ਦਫ਼ਤਰ ਪਹੁੰਚ ਕੇ ਪ੍ਰਦਰਸ਼ਨ ਕਰਦਿਆਂ ਦਲੀਲ ਦਿੱਤੀ ਸੀ ਕਿ ਕਬਰਿਸਤਾਨ ਵਿਚ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਦਫ਼ਨ ਦੀਆਂ ਰਸਮਾਂ ਵੇਲੇ ਲੋਕਾਂ ਨੂੰ ਦੂਰੋਂ ਪਾਣੀ ਲਿਆਉਣਾ ਪੈਂਦਾ ਹੈ, ਜਿਸ ਨਾਲ ਭਾਰੀ ਦਿੱਕਤ ਹੁੰਦੀ ਹੈ। ਅਧਿਕਾਰੀਆਂ ਦੀ ਹਾਜ਼ਰੀ ’ਚ ਹੋਈ ਨਿਸ਼ਾਨਦੇਹੀ : ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ ’ਤੇ ਸਰਕਾਰੀ ਤੌਰ ’ਤੇ ਮਿਣਤੀ ਕਰਵਾਈ ਗਈ। ਕਾਨੂੰਨਗੋ ਅਤੇ ਪਟਵਾਰੀ ਦੀ ਟੀਮ ਨੇ ਰਿਕਾਰਡ ਅਨੁਸਾਰ ਕਬਰਿਸਤਾਨ ਦੀਆਂ ਹੱਦਾਂ ਦੀ ਪੈਮਾਇਸ਼ ਕੀਤੀ। ਜਾਂਚ ਵਿਚ ਪਾਇਆ ਗਿਆ ਕਿ ਟਿਊਬਵੈੱਲ ਲਈ ਚੁਣੀ ਗਈ ਜਗ੍ਹਾ ਬਿਲਕੁਲ ਸਹੀ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਜ਼ਮੀਨ ’ਤੇ ਨਹੀਂ ਹੈ। ਲੋਕਾਂ ਨੇ ਜਤਾਈ ਖੁਸ਼ੀ : ਭਾਈਚਾਰੇ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਬਰਿਸਤਾਨ ਵਿਚ ਪਾਣੀ ਦੀ ਸਹੂਲਤ ਮਿਲਣ ਨਾਲ ਸਾਲਾਂ ਪੁਰਾਣੀ ਸਮੱਸਿਆ ਹੱਲ ਹੋਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦਾ ਸ਼ਾਂਤੀਪੂਰਵਕ ਨਿਪਟਾਰਾ ਹੋਣ ਨਾਲ ਇਲਾਕੇ ਵਿਚ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਈ ਹੈ। ਕੋਟਸ ਕੌਂਸਲ ਨੂੰ ਪਹਿਲਾਂ ਹੱਦਾਂ ਸਬੰਧੀ ਕੁੱਝ ਸ਼ਿਕਾਇਤਾਂ ਮਿਲੀਆਂ ਸਨ, ਜਿਸ ਕਾਰਨ ਨਿਯਮਾਂ ਅਨੁਸਾਰ ਜਾਂਚ ਕਰਨੀ ਲਾਜ਼ਮੀ ਸੀ। ਹੁਣ ਨਿਸ਼ਾਨਦੇਹੀ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਗਈ ਹੈ ਅਤੇ ਕੋਈ ਗ਼ਲਤਫ਼ਹਿਮੀ ਨਹੀਂ ਰਹੀ। ਅਸੀਂ ਭਾਈਚਾਰੇ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। - ਪਰਵਿੰਦਰ ਸਿੰਘ ਭੱਟੀ, ਕਾਰਜਸਾਧਕ ਅਫ਼ਸਰ, ਨਗਰ ਕੌਂਸਲ, ਜ਼ੀਰਕਪੁਰ।