ਸੜਕਾਂ ’ਤੇ ਸਰੀਏ ਲੱਦੇ ਟਰੱਕ ਬਣੇ ਜਾਨ ਦਾ ਖ਼ਤਰਾ
ਸੜਕਾਂ ’ਤੇ ਸਰੀਏ ਲੱਦੇ ਟਰੱਕ ਬਣੇ ਜਾਨ ਦਾ ਖ਼ਤਰਾ
Publish Date: Mon, 02 Nov 2026 07:35 PM (IST)
Updated Date: Tue, 03 Nov 2026 04:02 AM (IST)
ਜੇਐੱਸ ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ : ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਓਵਰਲੋਡ ਟਰੱਕਾਂ ਦੀ ਆਵਾਜਾਈ ਆਮ ਲੋਕਾਂ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਕਈ ਟਰੱਕਾਂ ’ਚ ਲੋਹੇ ਦੇ ਸਰੀਏ, ਗਾਡਰ ਅਤੇ ਪਾਈਪ ਟਰੱਕ ਦੀ ਬਾਡੀ ਤੋਂ ਕਾਫ਼ੀ ਬਾਹਰ ਤੱਕ ਲੱਦੇ ਹੁੰਦੇ ਹਨ। ਬਿਨ੍ਹਾਂ ਸੁਰੱਖਿਆ ਪ੍ਰਬੰਧਾਂ ਦੇ ਸੜਕਾਂ ’ਤੇ ਦੌੜਦੇ ਇਹ ਵਾਹਨ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਟਰੱਕਾਂ ਕਾਰਨ ਸਭ ਤੋਂ ਵੱਧ ਖ਼ਤਰਾ ਦੋਪਹੀਆ ਵਾਹਨ ਚਾਲਕਾਂ ਅਤੇ ਕਾਰ ਸਵਾਰਾਂ ਨੂੰ ਰਹਿੰਦਾ ਹੈ। ਖ਼ਾਸ ਕਰਕੇ ਰਾਤ ਸਮੇਂ ਅਤੇ ਧੁੰਦ ਦੌਰਾਨ ਪਿੱਛੇ ਵੱਲ ਨਿਕਲੇ ਸਰੀਏ ਅਤੇ ਪਾਈਪ ਦਿਖਾਈ ਨਹੀਂ ਦਿੰਦੇ। ਅਜਿਹੇ ’ਚ ਅਚਾਨਕ ਬ੍ਰੇਕ ਲੱਗਣ ’ਤੇ ਪਿੱਛੇ ਆ ਰਹੇ ਵਾਹਨ ਇਨ੍ਹਾਂ ਨਾਲ ਟਕਰਾ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਕਈ ਟਰੱਕਾਂ ’ਚ ਬਾਹਰ ਨਿਕਲੇ ਸਰੀਏ ਦੇ ਅੰਤ ’ਤੇ ਨਾ ਲਾਲ ਕੱਪੜਾ ਲਾਇਆ ਜਾਂਦਾ ਹੈ ਅਤੇ ਨਾ ਹੀ ਰਿਫਲੈਕਟਰ ਜਾਂ ਚੇਤਾਵਨੀ ਲਾਈਟਾਂ ਦੀ ਵਿਵਸਥਾ ਹੁੰਦੀ ਹੈ। ਲੋਕਾਂ ਨੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਾਹਨਾਂ ਦੀ ਜਾਂਚ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਰੋਕਿਆ ਜਾ ਸਕੇ।