ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੁਹਾਲੀ ’ਚ ਕੀਤਾ ਜਾਵੇਗਾ ਟਰੈਕਟਰ ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੁਹਾਲੀ ਵਿਚ ਕੀਤਾ ਜਾਵੇਗਾ ਟਰੈਕਟਰ ਮਾਰਚ
Publish Date: Wed, 21 Jan 2026 05:35 PM (IST)
Updated Date: Wed, 21 Jan 2026 05:36 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ’ਤੇ ਸਾਰੇ ਦੇਸ਼ ਵਿਚ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਜਨਤਕ ਮਾਰਚ ਕੀਤੇ ਜਾਣਗੇ। ਇਸੇ ਦੀ ਕੜੀ ਵਜੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਟਰੈਕਟਰ ਮਾਰਚ ਕੀਤੇ ਜਾਣੇ ਹਨ। ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਆਪਣੀ ਬੈਠਕ ਕਰ ਕੇ ਟਰੈਕਟਰ ਮਾਰਚ ਦੀ ਵਿਉਂਤਬੰਦੀ ਕੀਤੀ। ਇਸ ਅਨੁਸਾਰ ਇਕ ਟਰੈਕਟਰ ਮਾਰਚ ਡੇਰਾਬੱਸੀ ਸਾਈਡ ’ਤੇ ਕੀਤਾ ਜਾਵੇਗਾ ਅਤੇ ਦੂਜਾ ਟਰੈਕਟਰ ਮਾਰਚ ਚੱਪੜਚਿੜੀ ਤੋਂ ਸ਼ੁਰੂ ਹੋਵੇਗਾ। ਚੱਪੜਚਿੜੀ ਤੋਂ ਸ਼ੁਰੂ ਹੋਣ ਵਾਲਾ ਟਰੈਕਟਰ ਮਾਰਚ ਚੱਪੜਚਿੜੀ ਤੋਂ ਸ਼ੁਰੂ ਹੋ ਕੇ ਲਾਂਡਰਾਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਾਲੇ ਚੌਕ ਤੋਂ ਏਅਰਪੋਰਟ ਰੋਡ ਰਾਹੀਂ ਏਅਰਪੋਰਟ ਚੌਕ ਜਾਵੇਗਾ ਤੇ ਉਥੋਂ ਦੈੜੀ ਜਾ ਕੇ ਸਮਾਪਤ ਹੋਵੇਗਾ। ਇਸ ਟਰੈਕਟਰ ਮਾਰਚ ਵਿਚ ਸੈਂਕੜੇ ਟਰੈਕਟਰ ਅਤੇ ਗੱਡੀਆਂ ਸ਼ਾਮਲ ਹੋਣਗੀਆਂ। ਇਸ ਸਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਮੁਹਾਲੀ ਦੇ ਆਗੂਆਂ ਨੇ ਦੱਸਿਆ ਕਿ ਟਰੈਕਟਰ ਮਾਰਚ ਦੌਰਾਨ ਬਿਜਲੀ ਸੋਧ ਬਿੱਲ, ਬੀਜ ਬਿੱਲ, ਵੀਬੀ ਜੀ ਰਾਮ ਜੀ ਕਾਨੂੰਨ ਅਤੇ ਚਾਰ ਲੇਬਰ ਕੋਡ ਰੱਦ ਕਰਨ ਦੀਆਂ ਮੰਗਾਂ ਉਠਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਰੱਦ ਕਰਨ, ਕਿਸਾਨਾਂ ਅਤੇ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ’ਤੇ ਘੱਟੋ ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ, ਹੜ੍ਹ ਪੀੜਤ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ, ਮੁਕਤ ਵਪਾਰ ਸਮਝੌਤਿਆਂ ਵਿਚੋਂ ਖੇਤੀ, ਪੋਲਟਰੀ ਅਤੇ ਡੇਅਰੀ ਖੇਤਰ ਨੂੰ ਬਾਹਰ ਰੱਖਣਾ, ਪੰਜਾਬ ਸਰਕਾਰ ਵੱਲੋਂ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਖ਼ਿਲਾਫ਼ ਆਵਾਜ਼ ਉਠਾਈ ਜਾਵੇਗੀ। ਟਰੈਕਟਰ ਮਾਰਚ ਦੌਰਾਨ ਡੈਕ ’ਤੇ ਕੋਈ ਗਾਣੇ ਵਗੈਰਾ ਨਹੀਂ ਵਜਾਏ ਜਾਣਗੇ, ਨਾ ਹੀ ਹੁੱਲੜਬਾਜ਼ੀ ਕੀਤੀ ਜਾਵੇਗੀ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰਵਾਨਿਤ ਨਾਅਰੇ ਹੀ ਲਗਾਏ ਜਾਣਗੇ। ਇਸ ਬੈਠਕ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰੈੱਸ ਸਕੱਤਰ ਪਰਮਦੀਪ ਸਿੰਘ ਬੈਦਵਾਣ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਸਪਾਲ ਸਿੰਘ ਨਿਆਮੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਅੰਗਰੇਜ਼ ਸਿੰਘ ਭਦੌੜ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਦੇ ਲੱਖਾ ਸਿੰਘ, ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਜ਼ੋਰਾਵਰ ਸਿੰਘ, ਬੀਕੇਯੂ ਏਕਤਾ ਡਕੌਂਦਾ ਦੇ ਪਰਦੀਪ ਮੁਸਾਹਿਬ, ਬੀਕੇਯੂ ਲੱਖੋਵਾਲ ਦੇ ਸੰਦੀਪ ਰਾਣਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ ਹਾਜ਼ਰ ਸਨ।