ਰੇਲਵੇ ਅੰਡਰਪਾਥ ’ਤੇ ਟਿੱਪਰ ਦਾ ਐਕਸਲ ਟੁੱਟਿਆ, ਪ੍ਰਸ਼ਾਸਨਿਕ ਦਾਅਵਿਆਂ ਦੀ ਖੁੱਲ੍ਹੀ ਪੋਲ ਰੇਲਵੇ ਅੰਡਰਪਾਥ 'ਤੇ ਟਿੱਪਰ ਦਾ ਐਕਸਲ ਟੁੱਟਿਆ,
Publish Date: Mon, 12 Oct 2026 07:38 PM (IST)
Updated Date: Mon, 12 Oct 2026 07:38 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁਬਾਰਕਪੁਰ ਰੇਲਵੇ ਅੰਡਰਪਾਥ ’ਤੇ ਸੋਮਵਾਰ ਨੂੰ ਉਸ ਸਮੇਂ ਭਾਰੀ ਟ੍ਰੈਫਿਕ ਜਾਮ ਲੱਗ ਗਿਆ, ਜਦੋਂ ਇਕ ਓਵਰਲੋਡ ਟਿੱਪਰ ਦਾ ਐਕਸਲ ਅਚਾਨਕ ਵਿਚਕਾਰ ਸੜਕ ਤੇ ਹੀ ਟੁੱਟ ਗਿਆ। ਇਸ ਘਟਨਾ ਕਾਰਨ ਅੰਡਰਪਾਥ ਤੋਂ ਲੰਘਣ ਵਾਲੇ ਸੈਂਕੜੇ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਇਕ ਵਾਰ ਫਿਰ ਇਲਾਕੇ ’ਚ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਸੀਮਤ ਕਰਨ ਦੇ ਪ੍ਰਸ਼ਾਸਨਿਕ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਕਾਰਲੇ ਵੱਡੇ ਪਾੜੇ ਨੂੰ ਬੇਪਰਦ ਕਰਦੀ ਹੈ। ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਵੀ ਸੁਰੱਖਿਆ ਨੂੰ ਖ਼ਤਰਾ : ਪ੍ਰਾਪਤ ਜਾਣਕਾਰੀ ਅਨੁਸਾਰ ਮੁਬਾਰਕਪੁਰ ਰੇਲਵੇ ਅੰਡਰਪਾਥ ਦੀ ਹਾਲਤ ਪਹਿਲਾਂ ਹੀ ਕਾਫ਼ੀ ਖ਼ਰਾਬ ਹੋ ਚੁੱਕੀ ਸੀ। ਇਸਦੀ ਮੁਰੰਮਤ ਅਤੇ ਆਧੁਨਿਕ ਸੁਧਾਰਾਂ ਲਈ ਸਰਕਾਰ ਵੱਲੋਂ ਲਗਭਗ 1.66 ਕਰੋੜ ਰੁਪਏ ਦੀ ਭਾਰੀ ਰਕਮ ਖਰਚ ਕੀਤੀ ਗਈ ਸੀ। ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਮੁੜ ਨੁਕਸਾਨ ਤੋਂ ਬਚਾਉਣ ਲਈ ਕਰੀਬ ਇਕ ਸਾਲ ਪਹਿਲਾਂ ਐੱਸਡੀਐੱਮ ਵੱਲੋਂ ਪੁਲਿਸ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਅੰਡਰਪਾਥ ਵਿਚੋਂ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇ ਪਰ ਪ੍ਰਸ਼ਾਸਨਿਕ ਹੁਕਮਾਂ ਦੀ ਧੱਜੀਆਂ ਉਡਾਉਂਦੇ ਹੋਏ ਭਾਰੀ ਵਾਹਨ ਬੇਰੋਕ-ਟੋਕ ਇੱਥੋਂ ਲੰਘ ਰਹੇ ਹਨ। ਓਵਰਲੋਡ ਟਿੱਪਰ ਬਣੇ ਸੜਕੀ ਸੁਰੱਖਿਆ ਲਈ ਵੱਡਾ ਖ਼ਤਰਾ : ਖੇਤਰ ਵਿਚ ਟਿੱਪਰ-ਟਰੱਕਾਂ ’ਤੇ ਲਗਾਤਾਰ ਓਵਰਲੋਡਿੰਗ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਸਥਾਨਕ ਨਿਵਾਸੀਆਂ ਕਹਿਣਾ ਹੈ ਕਿ ਕੁਝ ਟਰੱਕਾਂ ਦੀ ਉਚਾਈ ਵੀ ਨਿਯਮਾਂ ਤੋਂ ਵੱਧ ਬਣਾਈ ਗਈ ਹੈ, ਪਰ ਮਹਿਕਮੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਭਾਰੀ ਵਾਹਨਾਂ ਦੀ ਬੇਕਾਬੂ ਆਵਾਜਾਈ ਨਾ ਸਿਰਫ਼ ਨਵੀਆਂ ਬਣੀਆਂ ਸੜਕਾਂ ਨੂੰ ਤਬਾਹ ਕਰ ਰਹੀ ਹੈ, ਸਗੋਂ ਆਮ ਲੋਕਾਂ ਲਈ ਭਿਆਨਕ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ। ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅੰਡਰਪਾਥ ਦੀ ਸੁਰੱਖਿਆ ਲਈ ਸਖ਼ਤ ਨਿਗਰਾਨੀ ਅਤੇ ਠੋਸ ਪ੍ਰਬੰਧਾਂ ਦੀ ਫੌਰੀ ਲੋੜ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਐੱਸਡੀਐੱਮ ਦੇ ਸਾਲ ਪੁਰਾਣੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੀ ਸਖ਼ਤ ਕਦਮ ਚੁੱਕਦਾ ਹੈ। ਆਮ ਲੋਕਾਂ ਵਿਚ ਸਵਾਲ ਉੱਠ ਰਿਹਾ ਹੈ ਕਿ ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਜਾਂ ਸਮਾਂ ਰਹਿੰਦਿਆਂ ਭਾਰੀ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।