ਬੇਸਹਾਰਾ ਪਸ਼ੂ ਨੂੰ ਬਚਾਉਂਦਿਆਂ ਖੰਭੇ ਨਾਲ ਟਕਰਾਇਆ ਥ੍ਰੀ-ਵ੍ਹੀਲਰ, ਚਾਲਕ ਜ਼ਖ਼ਮੀ ਬੇਸਹਾਰਾ ਪਸ਼ੂ ਨੂੰ ਬਚਾਉਂਦਿਆਂ ਖੰਭੇ ਨਾਲ ਟਕਰਾਇਆ ਥ੍ਰੀ-ਵ੍ਹੀਲਰ, ਚਾਲਕ ਜ਼ਖ਼ਮੀ
Publish Date: Sat, 17 Oct 2026 06:40 PM (IST)
Updated Date: Sat, 17 Oct 2026 06:42 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁਬਾਰਕਪੁਰ-ਢਕੌਲੀ ਮੌੜ ਤੇ ਸੂਰਿਆ ਮਹਿਲ ਮੈਰਿਜ ਪੈਲੇਸ ਸਾਹਮਣੇ ਅਚਾਨਕ ਸੜਕ ਤੇ ਆਏ ਇਕ ਬੇਸਹਾਰਾ ਪਸ਼ੂ ਕਾਰਨ ਵਾਪਰੇ ਹਾਦਸੇ ਵਿਚ ਥ੍ਰੀ-ਵ੍ਹੀਲਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦੌਰਾਨ ਵੱਡਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ, ਪਰ ਥ੍ਰੀ-ਵ੍ਹੀਲਰ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਥ੍ਰੀ-ਵ੍ਹੀਲਰ ਚਾਲਕ ਟਿੰਕੂ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਦੇਰ ਰਾਤ 11:00 ਵਜੇ ਵਾਪਰਿਆ, ਜਦੋਂ ਥ੍ਰੀ-ਵ੍ਹੀਲਰ ਚਾਲਕ ਆਪਣੀ ਗੱਡੀ ਲੈ ਕੇ ਜਾ ਰਿਹਾ ਸੀ। ਅਚਾਨਕ ਸੜਕ ਦੇ ਵਿਚਕਾਰ ਬੇਸਹਾਰਾ ਪਸ਼ੂ ਆ ਜਾਣ ਕਾਰਨ ਥ੍ਰੀ-ਵ੍ਹੀਲਰ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ ਕਿਨਾਰੇ ਸਟਰੀਟ ਲਾਈਟ ਦੇ ਖੰਭੇ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਥ੍ਰੀ-ਵ੍ਹੀਲਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਲੋਕ ਮੌਕੇ ਤੇ ਇਕੱਠੇ ਹੋ ਗਏ ਅਤੇ ਜ਼ਖ਼ਮੀ ਚਾਲਕ ਨੂੰ ਤੁਰੰਤ ਸਿਵਲ ਹਸਪਤਾਲ ਡੇਰਾਬੱਸੀ ਪਹੁੰਚਾਇਆ ਗਿਆ। ਹਾਦਸੇ ਵਿਚ ਉਸ ਦੇ ਦੋਵੇਂ ਹੱਥਾਂ ’ਤੇ ਸੱਟ ਲੱਗੀ ਹੈ। ਜਿਸ ਨੂੰ ਇਲਾਜ ਤੋਂ ਬਾਅਦ ਡਾਕਟਰਾਂ ਨੇ ਘਰ ਭੇਜ ਦਿੱਤਾ ਹੈ। ਬੇਸਹਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਲੋਕਾਂ ’ਚ ਭਾਰੀ ਰੋਸ : ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮੁਬਾਰਕਪੁਰ-ਰਾਮਗੜ੍ਹ ਰੋਡ ਸਮੇਤ ਡੇਰਾਬੱਸੀ ਖੇਤਰ ਵਿਚ ਸੜਕਾਂ ਤੇ ਘੁੰਮਦੇ ਬੇਸਹਾਰਾ ਪਸ਼ੂਆਂ ਕਾਰਨ ਆਏ ਦਿਨ ਅਜਿਹੇ ਭਿਆਨਕ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਲਾਵਾਂ ਵਿਚ ਭੇਜਿਆ ਜਾਵੇ ਤਾਂ ਜੋ ਹੋਰ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।